ਵਿਆਹਾਂ ਦੇ ਸੀਜ਼ਨ 'ਚ ਇੰਝ ਰਹੋ ਫਿੱਟ
ਵਧੀਆ ਨੀਂਦ ਲਵੋ: ਜਦੋਂ ਕੰਮ-ਕਾਜ, ਡਿਊਟੀ ਤੇ ਵਿਆਹਾਂ ਦਾ ਹਿੱਸਾ ਬਣਨ ਸਮੇਂ ਤੁਹਾਡੀ ਨੀਂਦ ਬਹੁਤ ਪ੍ਰਭਾਵਿਤ ਹੁੰਦੀ ਹੈ। ਸਿਹਤਮੰਦ ਰਹਿਣ ਲਈ ਰੋਜ਼ਾਨਾ ਘੱਟੋ-ਘੱਟ 6 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਵੋ।
ਮੈਡੀਟੇਸ਼ਨ ਕਰੋ: ਵਿਆਹਾਂ ਦਾ ਹਿੱਸਾ ਬਣਨਾ ਅਕਸਰ ਤਣਾਅਪੂਰਨ ਹੁੰਦਾ ਹੈ, ਇਸ ਕਾਰਨ ਮੋਟਾਪਾ ਵੀ ਵਧਦਾ ਹੈ। ਸੋ ਮੋਟਾਪੇ ਤੇ ਤਣਾਅ ਦਾ ਸ਼ਿਕਾਰ ਹੋਣੋਂ ਬਚਣ ਲਈ ਧਿਆਨ ਲਗਾਓ ਯਾਨੀ ਮੈਡੀਟੇਸ਼ਨ ਕਰੋ। ਇਸ ਤਰ੍ਹਾਂ ਤੁਸੀਂ ਆਪਣੇ ਕੋਲੈਸਟ੍ਰੋਲ ਪੱਧਰ ਨਿਯਮਿਤ ਰੱਖਣ ਵਿੱਚ ਕਾਮਯਾਬ ਵੀ ਹੋਵੋਗੇ।
ਮਿਠਾਈਆਂ ਤੋਂ ਦੂਰੀ ਰੱਖੋ: ਭਾਰਤੀ ਵਿਆਹ ਬਗ਼ੈਰ ਮਿਠਾਈ ਤੋਂ ਸੰਪੂਰਨ ਹੋ ਜਾਣ, ਇਹ ਤਾਂ ਹੋ ਹੀ ਨਹੀਂ ਸਕਦਾ ਪਰ ਮਿਠਾਈ ਦਾ ਲਾਲਚ ਬੁਰੀ ਬਲਾ ਹੈ। ਸੋ, ਇਸ 'ਤੇ ਕਾਬੂ ਰੱਖੋ ਤੇ ਮਿਠਾਈ ਦੀ ਬਜਾਇ ਸੁੱਕੇ ਮੇਵੇ ਯਾਨੀ ਡ੍ਰਾਈ ਫਰੂਟ ਦਾ ਸੇਵਨ ਕਰੋ। ਸਮੇਂ-ਸਮੇਂ 'ਤੇ ਗ੍ਰੀਨ ਟੀ ਪੀਂਦੇ ਰਹੋ।
ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ: ਸਰਦੀਆਂ ਵਿੱਚ ਪਾਣੀ ਪੀਣ ਦੀ ਜ਼ਰੂਰਤ ਘੱਟ ਹੋ ਜਾਂਦੀ ਹੈ ਪਰ ਇਸ ਨੂੰ ਲੋੜ ਤੋਂ ਜ਼ਿਆਦਾ ਘਟਣ ਨਾ ਦਿਓ। ਸਿਆਲ਼ਾਂ ਵਿੱਚ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਚਮੜੀ 'ਤੇ ਵਧੇਰੇ ਨਿਖਾਰ ਆਵੇਗਾ ਤੇ ਸਰੀਰ ਵਿੱਚ ਮੌਜੂਦ ਬੇਲੋੜੇ ਤੱਤ ਛੇਤੀ ਬਾਹਰ ਨਿਕਲਣਗੇ।
ਸਰੀਰਕ ਹਿੱਲ-ਜੁੱਲ ਵਧਾਓ: ਵਿਆਹਾਂ ਦੇ ਦਿਨਾਂ ਵਿੱਚ ਸਰੀਰਕ ਗਤੀਵਿਧੀਆਂ ਨੂੰ ਹੋਰ ਵਧਾ ਦਿਓ। ਜਿਵੇਂ ਲਿਫ਼ਟ ਦੀ ਥਾਂ ਪੌੜੀਆਂ ਵਰਤੋ, ਵਿਆਹਾਂ ਵਿੱਚ ਖਾਣ-ਪੀਣ ਦੇ ਨਾਲ-ਨਾਲ ਥੋੜ੍ਹਾ ਧਿਆਨ ਨੱਚਣ-ਟੱਪਣ ਵੱਲ ਵੀ ਦਿਓ ਤੇ ਵਾਧੂ ਕੈਲਰੀਜ਼ ਨਸ਼ਟ ਕਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਰੋਗਗ੍ਰਸਤ ਹੋਣ ਤੋਂ ਬਚ ਸਕਦੇ ਹੋ।
ਖਾਣ-ਪੀਣ ਵਿੱਚ ਵਰਤੋ ਸਾਵਧਾਨੀ: ਸਭ ਤੋਂ ਪਹਿਲੀ ਗੱਲ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਨਾ ਖਾਓ। ਆਪਣੇ ਮਨਪਸੰਦ ਪਕਵਾਨਾਂ ਨੂੰ ਲੋੜ ਤੋਂ ਵੱਧ ਨਾ ਖਾਓ। ਵਿਆਹਾਂ ਵਿੱਚ ਹਰ ਤਰ੍ਹਾਂ ਦੇ ਪਕਵਾਨ ਹੁੰਦੇ ਹਨ, ਆਪਣੀ ਪਸੰਦ ਮੁਤਾਬਕ ਹਰੇਕ ਚੀਜ਼ ਨੂੰ ਥੋੜ੍ਹੀ-ਥੋੜ੍ਹੀ ਮਾਤਰਾ 'ਚ ਖਾਓ। ਇਸ ਨਾਲ ਜ਼ਿਆਦਾ ਪਕਵਾਨਾਂ ਦਾ ਸਵਾਦ ਵੀ ਚੱਖ ਹੋ ਜਾਏਗਾ ਤੇ ਤੁਹਾਡੀ ਸਿਹਤ ਵੀ ਖ਼ਰਾਬ ਨਹੀਂ ਹੋਵੇਗੀ।
ਵਿਆਹਾਂ ਦਾ ਮੌਸਮ ਹੈ। ਇਸੇ ਦੌਰਾਨ ਸਿਹਤ ਦਾ ਵਿਗੜ ਜਾਣਾ ਆਮ ਗੱਲ ਹੈ। ਇਸ ਲਈ ਅਸੀਂ ਦੱਸ ਰਹੇ ਹਾਂ ਕੁਝ ਅਜਿਹੇ ਸੁਝਾਅ ਜੋ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੋ ਸਕਦੇ ਹਨ।