ਬਿਹਾਰੀਆਂ ਦੀ ਸ਼ਰਧਾ ਨੇ ਕੀਤਾ ਸੋਚਣ ਲਈ ਮਜਬੂਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮਾਂ ‘ਚ ਸ਼ਿਰਕਤ ਕਰਨ ਦੇਸ਼-ਵਿਦੇਸ਼ ਤੋਂ ਪਟਨੇ ਦੀ ਧਰਤੀ ਤੇ ਪਹੁੰਚੀ ਸੰਗਤ ਦਾ ਹੜ੍ਹ ਆ ਗਿਆ ਹੈ। 3 ਜਨਵਰੀ ਰਾਤ ਤੱਕ 5 ਲੱਖ ਦੇ ਕਰੀਬ ਸੰਗਤ ਪਟਨਾ ਸਾਹਿਬ ਪਹੁੰਚ ਚੁੱਕੀ ਹੈ। ਸੰਗਤ ਦਾ ਇੰਨਾ ਵਿਸ਼ਾਲ ਹੜ੍ਹ ਹੈ ਕਿ ਪਟਨਾ ਸਾਹਿਬ ਦੇ ਸਾਰੇ ਨਿਵਾਸ, ਕਿਰਾਏ ਦੇ ਹੋਟਲ, ਟੈਂਟ ਸਿਟੀ ਅਤੇ ਹੋਰ ਜਿੰਨੀਆਂ ਵੀ ਰਿਹਾਇਸ਼ਗਾਹਾਂ ਨੇ ਸਭ ਸੰਗਤ ਨਾਲ ਭਰ ਚੁੱਕੀਆਂ ਹਨ।
ਪਰ ਇਸ ਦੌਰਾਨ ਬਿਹਾਰ ਸਰਕਾਰ ਤੇ ਸਥਾਨਕ ਲੋਕਾਂ ਨੇ ਸ਼ਰਧਾ ਦਿਖਾਉਂਦਿਆਂ ਜਿਹੜੇ ਪ੍ਰਬੰਧ ਕੀਤੇ ਹਨ, ਉਹ ਕਾਬਿਲੇ ਤਾਰੀਫ ਹਨ। ਹਰ ਕਿਸੇ ਦੀ ਜ਼ੁਬਾਨ ‘ਤੇ ਬਿਹਾਰੀਆਂ ਲਈ ਸਨੇਹ ਦੇ ਬੋਲ ਨਿੱਕਲ ਰਹੇ ਹਨ।
ਬਿਹਾਰ ਸਰਕਾਰ ਨੇ ਸੰਗਤਾਂ ਦੀ ਸੇਵਾ ਲਈ 250 ਬੱਸਾਂ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਉਹ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਤੇ ਪੈਂਦੇ ਇਤਿਹਾਸਕ ਗੁਰਧਾਮਾਂ ਦੇ ਆਸਾਨੀ ਨਾਲ ਦਰਸ਼ਨ ਕਰ ਸਕਣ. ਪਰ ਸੰਗਤ ਦੀ ਗਿਣਤੀ ਦੇ ਹਿਸਾਬ ਨਾਲ ਬੱਸਾਂ ਦੀ ਗਿਣਤੀ ਵੀ ਥੋੜੀ ਜਾਪਦੀ ਹੈ।
ਜਿਨਾਂ ਸੰਗਤਾਂ ਨੂੰ ਰਿਹਾਇਸ਼ ਨਹੀਂ ਮਿਲੀ ਉਹ ਪਟਨਾ ਵਾਸੀਆਂ ਦੇ ਘਰਾਂ ਵਿੱਚ ਰਹਿ ਰਹੇ ਹਨ। ਸੰਗਤ ਇੰਨੇ ਪਿਆਰ ਸਤਿਕਾਰ ਨਾਲ ਕੀਤੇ ਪ੍ਰਬੰਧਾਂ ਲਈ ਬਿਹਾਰ ਸਰਕਾਰ ਤੇ ਪਟਨਾ ਵਾਸੀਆਂ ਦਾ ਵਾਰ-ਵਾਰ ਧੰਨਵਾਦ ਕਰ ਰਹੀ ਹੈ।
ਸੰਗਤ ਦੀ ਆਮਦ ਇੰਨੀ ਵਧ ਗਈ ਹੈ ਕਿ ਹਵਾਈ ਅੱਡਾ, ਪਟਨਾ ਦੇ ਰੇਲਵੇ ਸਟੇਸ਼ਨ, ਬੱਸ ਅੱਡੇ, ਬਾਜ਼ਾਰ, ਸਾਰੇ ਗੁਰਦੁਆਰੇ ਅਤੇ ਗਾਂਧੀ ਮੈਦਾਨ ਸੰਗਤਾਂ ਨਾਲ ਨੱਕੋ-ਨੱਕ ਭਰ ਗਏ ਹਨ।
ਬਿਹਾਰ ਸਰਕਾਰ ਨੇ ਪਟਨਾ ਸਾਹਿਬ ਦੇ ਸਕੂਲਾਂ ਤੇ ਕਾਲਜਾਂ ਦੇ ਦਰਵਾਜ਼ੇ ਵੀ ਸੰਗਤ ਲਈ ਖੋਲ ਦਿੱਤੇ ਹਨ। ਦੱਸ ਦੇਈਏ ਕਿ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਬਿਹਾਰ ਵਿੱਚ 3-5 ਜਨਵਰੀ ਤੱਕ ਸਕੂਲਾ-ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੰਗਤ ਦੇ ਠਹਿਰਨ ਲਈ ਹੁਣ ਪਟਨਾ ਸਹਿਰ ਦੇ ਨਿਵਾਸੀਆਂ ਨੇ ਵੀ ਆਪਣੇ ਦਿਲਾਂ ਦੇ ਨਾਲ-ਨਾਲ ਘਰਾਂ ਦੇ ਬੂਹੇ ਵੀ ਖੋਲ ਦਿੱਤੇ ਹਨ।