ਪੜ੍ਹੇ-ਲਿਖੇ ਨੌਜਵਾਨ ਬਣੇ ਸਫ਼ਲ ਕਿਸਾਨ
ਬਿਨਾਂ ਖਾਦਾਂ ਤੇ ਸਪਰੇਆਂ ਤੋਂ ਤਿਆਰ ਹੋਏ ਉਤਪਾਦਾਂ ਦੀ ਬਾਜ਼ਾਰ ਵਿੱਚ ਭਾਰੀ ਮੰਗ ਹੈ। ਇਹ ਨੌਜਵਾਨ ਆਪਣੇ ਉਤਪਾਦਾਂ ਨੂੰ ਗਾਹਕਾਂ ਨੂੰ ਵੇਚਣ ਦੇ ਨਾਲ ਨਾਲ ਕੋ-ਅਪਰੇਟਿਵ ਸੁਸਾਇਟੀਆਂ ’ਚ ਵੀ ਸਪਲਾਈ ਕਰਦੇ ਹਨ। ਇਹ ਨੌਜਵਾਨ ਪੰਜਾਬ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਕਿਸਾਨ ਮੇਲਿਆਂ ’ਚ ਹਿੱਸਾ ਲੈ ਕੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਕਰਦੇ ਹਨ।
ਆਪਣੇ ਤਿਆਰ ਕੀਤੇ ਉਤਪਾਦ ਜਿਵੇਂ ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਮਿਰਚ ਮਸਾਲਾ, ਚਾਹ ਮਸਾਲਾ, ਲੱਸੀ ਮਸਾਲਾ, ਲੱਸਣ ਦਾ ਆਚਾਰ, ਕੱਚੀ ਹਲਦੀ ਦਾ ਆਚਾਰ, ਸ਼ੁੱਧ ਵੇਸਣ ਦਾ ਬਣਿਆ ਹੋਇਆ ਸਬਜ਼ੀ ਪਕੌੜਾ ਤੇ ਹੋਰ ਉਤਪਾਦਾਂ ਨੂੰ ਕਿਸਾਨ ਮੇਲਿਆਂ ’ਚ ਸਟਾਲ ਲਾ ਕੇ ਪ੍ਰਦਰਸ਼ਿਤ ਕਰਦੇ ਤੇ ਵੇਚਦੇ ਹਨ।
ਇਨ੍ਹਾਂ ਨੌਜਵਾਨਾਂ ਨੇ ਜਿੱਥੇ ਖੇਤੀ ਨੂੰ ਧੰਦਾ ਬਣਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਨਵਾਂ ਰਸਤਾ ਦਿਖਾਇਆ ਹੈ, ਉਥੇ ਹੀ ਇਨ੍ਹਾਂ ਨੇ ਬਾਜ਼ਾਰ ’ਚ ਮਿਆਰੀ ਖ਼ੁਰਾਕੀ ਉਤਪਾਦ ਲਿਆ ਕੇ ਲੋਕਾਂ ਨੂੰ ਮਿਲਾਵਟੀ ਵਸਤਾਂ ਤੋਂ ਵੀ ਰਾਹਤ ਦਵਾਈ ਹੈ। ਕੁਦਰਤੀ ਖੇਤੀ ਜ਼ਰੀਏ ਤਿਆਰ ਕੀਤੇ ਉਤਪਾਦਾਂ ਨੂੰ ਵੇਚ ਕੇ ਨੌਜਵਾਨ ਚੰਗਾ ਮੁਨਾਫ਼ਾ ਕਮਾ ਰਹੇ ਹਨ।
ਨਵਦੀਪ ਸਿੰਘ ਬੱਲੀ ਨੇ ਜਲੰਧਰ ਦੇ ਡੀ.ਏ.ਵੀ. ਕਾਲਜ ਤੋਂ ਬੀ.ਐਸ.ਸੀ. ਫੂਡ ਸਾਇੰਸ ਐਂਡ ਟੈਕਨਾਲੋਜੀ ਦੀ ਡਿਗਰੀ ਹਾਸਲ ਕੀਤੀ ਹੈ ਜਦੋਂਕਿ ਗੁਰਸ਼ਰਨ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਬੀਟੈਕ (ਐਗਰੀਕਲਚਰ ਇੰਜਨੀਅਰਿੰਗ) ਦੀ ਡਿਗਰੀ ਕੀਤੀ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਦੇ ਨਵਦੀਪ ਬੱਲੀ ਤੇ ਗੁਰਸ਼ਰਨ ਸਿੰਘ ਨੇ ਪੜ੍ਹਾਈ ਪੂਰੀ ਕਰਨ ਮਗਰੋਂ ਨੌਕਰੀ ਪਿੱਛੇ ਭੱਜਣ ਦੀ ਬਜਾਏ ਖੇਤੀ ਕਰਨ ਨੂੰ ਪਹਿਲ ਦਿੱਤੀ। ਸਖ਼ਤ ਮਿਹਨਤ ਸਦਕਾ ਇਹ ਨੌਜਵਾਨ ਪ੍ਰਤੀ ਮਹੀਨਾ ਇੱਕ ਲੱਖ ਤੋਂ ਵੱਧ ਰੁਪਏ ਕਮਾ ਰਹੇ ਹਨ। ਇਨ੍ਹਾਂ ਕੋਲ ਆਪਣੀ ਅੱਠ ਏਕੜ ਜ਼ਮੀਨ ਹੈ ਜਿਸ ’ਚ ਦੋਵੇਂ ਪਿਛਲੇ ਛੇ ਸਾਲਾਂ ਤੋਂ ਹਲਦੀ, ਮਿਰਚਾਂ, ਸਰ੍ਹੋਂ, ਆਲੂ, ਲਸਣ, ਟਮਾਟਰ ਤੇ ਹੋਰ ਸਬਜ਼ੀਆਂ ਉਗਾ ਰਹੇ ਹਨ। ਇਨ੍ਹਾਂ ਨੌਜਵਾਨਾਂ ਨੇ ਆਪਣਾ ਪ੍ਰੋਸੈਸਿੰਗ ਯੂਨਿਟ ਵੀ ਸਥਾਪਤ ਕੀਤਾ ਹੋਇਆ ਹੈ।
ਚੰਡੀਗੜ੍ਹ: ਉਚੇਰੀ ਵਿੱਦਿਆ ਹਾਸਲ ਕਰਨ ਦੇ ਬਾਵਜੂਦ ਬੇਰੁਜ਼ਗਾਰੀ ਕਾਰਨ ਜਿੱਥੇ ਲੱਖਾਂ ਨੌਜਵਾਨਾਂ ’ਚ ਨਿਰਾਸ਼ਾ ਦਾ ਆਲਮ ਹੈ, ਉੱਥੇ ਮਾਲਵੇ ਦੇ ਦੋ ਨੌਜਵਾਨ ਇਲਾਕੇ ਦੇ ਲੋਕਾਂ ਵਾਸਤੇ ਪ੍ਰੇਰਨਾ ਸਰੋਤ ਬਣ ਕੇ ਉੱਭਰੇ ਹਨ। ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਨੇ ਖੇਤੀ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾ ਕੇ ਮਿਸਾਲ ਕਾਇਮ ਕੀਤੀ ਹੈ।