ਲਾਈਨ 'ਚ ਲੱਗੀ ਖਾਕੀ, ਦੇਖੋ ਤਸਵੀਰਾਂ
ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਤੇ ਹੋਰ ਪੁਲਿਸ ਮੁਲਜਮਾਂ ਮੁਤਾਬਕ ਉਹ ਹੁਣ ਇੱਥੇ ਲਾਈਨ ‘ਚ ਖੜੇ ਹੋ ਕੇ ਤਨਖਾਹ ਕਢਵਾਉਣ ਜਾਂ ਆਪਣੀ ਡਿਊਟੀ ਕਰਨ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਵੀ ਸਿਰਫ 10-10 ਹਜਾਰ ਰੁਪਏ ਦਿੱਤੇ ਜਾ ਰਹੇ ਹਨ। ਹੁਣ ਇੰਨੇ ਰੁਪਿਆ ‘ਚੋਂ ਉਹ ਆਪਣੇ ਬੱਚਿਆਂ ਦੀ ਸਕੂਲ ਫੀਸਾਂ ਭਰਨ ਜਾਂ ਮਹਿੰਗਾਈ ਦੇ ਜਮਾਨੇ ‘ਚ ਬਿਜਲੀ, ਪਾਣੀ ਸਮੇਤ ਹੋਰ ਬਿੱਲ ਅਦਾ ਕਰਨ। ਇੱਥੇ ਬਾਹਰ ਦੇ ਜਿਲਿਆਂ ਤੋਂ ਡਿਊਟੀ ਕਰਨ ਆਏ ਕੁੱਝ ਮੁਲਾਜਮਾਂ ਦਾ ਦਰਦ ਸੀ ਕਿ ਉਨ੍ਹਾਂ ਕੋਲ ਤਾਂ ਹੁਣ ਖਾਣ-ਪੀਣ ਤੱਕ ਲਈ ਵੀ ਪੈਸਾ ਨਹੀਂ ਬਚਿਆ ਹੈ।
ਨੋਟਬੰਦੀ ਦਾ ਅੱਜ 28ਵਾਂ ਦਿਨ ਹੈ। ਦੇਸ਼ ਦੀ ਵੱਡੀ ਗਿਣਤੀ ਜਨਤਾ ਪੈਸੇ ਲੈਣ ਲਈ ਏਟੀਐਮ ਬਾਹਰ ਲਾਈਨਾਂ ਲਗਾ ਕੇ ਖੜੀ ਹੈ। ਇਸ ਦੌਰਾਨ ਕਈ ਤਰਾਂ ਦੀਆਂ ਦਿਲਚਸਪ ਤੇ ਹੈਰਾਨੀਜਨਕ ਚੀਜਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਖਬਰ ਮੋਗਾ ਤੋਂ ਹੈ। ਜਿੱਥੇ ਬੈਂਕ ਦੇ ਬਾਹਰ ਪੈਸੇ ਕਢਵਾਉਣ ਲਈ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜਮ ਲਾਈਨ ‘ਚ ਖੜੇ ਨਜਰ ਆਏ ਹਨ।
ਬੇਸ਼ੱਕ ਮੋਗਾ ਪੁਲਿਸ ਦਾ ਦਰਦ ਤਾਂ ਸਾਹਮਣੇ ਆਇਆ ਹੈ, ਪਰ ਇਹ ਕਹਾਣੀ ਹਰ ਪਾਸੇ ਆਮ ਹੋ ਚੁੱਕੀ ਹੈ। ਦੇਸ਼ ਦੀ ਵੱਡੀ ਅਬਾਦੀ ਅੱਜ ਬੈਂਕਾਂ ਦੀਆਂ ਲਾਈਨਾਂ ‘ਚ ਹੀ ਖੜੀ ਹੈ। ਹਾਲਾਂਕਿ ਲੋਕ ਸਰਕਾਰ ਦਾ ਪੂਰੀ ਤਰਾਂ ਸਾਥ ਦੇ ਰਹੇ ਹਨ। ਪਰ 28 ਦਿਨ ਬੀਤਣ ਦੇ ਬਾਅਦ ਵੀ ਹਲਾਤ ਕੁੱਝ ਜਿਆਦਾ ਨਹੀਂ ਸੁਧਰੇ ਹਨ। ਇਸ ਦੇ ਨਾਲ ਹੀ ਮਹੀਨੇ ਦੀ ਤਨਖਾਹ ਵੀ ਆ ਗਈ ਹੈ, ਜਿਹੜੀ ਸਿਰਫ ਖਾਤੇ ‘ਚ ਹੀ ਪਈ ਹੈ। ਕਰੀਬ ਇੱਕ ਮਹੀਨਾ ਸਬਰ ਕਰਨ ਵਾਲੀ ਜਨਤਾ ਦਾ ਸਬਰ ਹੁਣ ਟੁੱਟਦਾ ਜਾ ਰਿਹਾ ਹੈ। ਜਰੂਰਤ ਹੈ ਕਿ ਸਰਕਾਰ ਜਨਤਾ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਠੋਸ ਕਦਮ ਚੁੱਕੇ।
ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਮੋਗਾ ਪੁਲਿਸ ਦੀ ਤਨਖਾਹ ਵੀ ਖਾਤੇ ‘ਚ ਹੀ ਆਈ ਹੈ। ਪਰ ਖਾਤੇ ‘ਚ ਆਈ ਇਸ ਤਨਖਾਹ ਨੂੰ ਜੇਬ ‘ਚ ਪਾਉਣ ਲਈ ਪੁਲਿਸ ਦੇ ਵੀ ਹੱਥ ਖੜੇ ਹੋ ਗਏ। ਅੱਜ ਸਥਾਨਕ ਜੀਟੀ ਰੋਡ ‘ਤੇ ਐਚਡੀਐਫਸੀ ਬੈਂਕ ਦੇ ਬਾਹਰ ਇੱਥੇ ਕਈ ਥਾਣੇਦਾਰਾਂ ਸਮੇਤ ਕਰੀਬ 400 ਪੁਲਿਸ ਮੁਲਾਜਮ ਲਾਈਨ ‘ਚ ਆ ਲੱਗੇ। ਬੈਂਕ ਦੇ ਬਾਹਰ ਲਾਈਨ ‘ਚ ਲੱਗੀ ਖਾਕੀ ਨੂੰ ਹਰ ਕੋਈ ਹੈਰਾਨੀ ਵਾਲੀ ਨਜਰ ਨਾਲ ਦੇਖ ਰਿਹਾ ਸੀ। ਪਰ ਆਪਣੇ ਰੋਹਬ ਨਾਲ ਵੱਡੇ ਵੱਡੇ ਮੁਲਜ਼ਮਾਂ ਦੇ ਪਸੀਨੇ ਛੁਡਵਾਉਣ ਵਾਲੀ ਪੰਜਾਬ ਪੁਲਿਸ ਦੇ ਆਪਣੇ ਹੀ ਹੱਥ ਖੜੇ ਨਜਰ ਆਏ ਹਨ।