ਮੁੱਖਮੰਤਰੀ ਨੇ ਦਿੱਤਾ ਖ਼ੂਨ ਨਾਲ ਲਿਖੀ ਚਿੱਠੀ ਦਾ ਜਵਾਬ
ਲਤਿਕਾ ਨੇ ਦੱਸਿਆ ਕਿ ਉਸ ਨੇ ਆਪਣੇ ਮਾਮੇ ਦੇ ਨਾਲ ਹਰ ਰੈਂਕ ਦੇ ਪੁਲਿਸ ਅਫ਼ਸਰਾਂ ਨੂੰ ਫ਼ੋਨ ਕੀਤਾ। ਪਰ ਕੋਈ ਜਵਾਬ ਨਾ ਮਿਲਿਆ। ਫਿਰ ਉਸ ਨੇ ਮੁੱਖਮੰਤਰੀ ਨੂੰ ਆਪਣੇ ਖ਼ੂਨ ਨਾਲ ਲਿਖ ਕੇ ਚਿੱਠੀ ਭੇਜੀ। ਇਸ ਤੋਂ ਬਾਅਦ ਪ੍ਰਸ਼ਾਸਨਿਕ ਹਲਕਿਆਂ ਵਿੱਚ ਭੂਚਾਲ ਆ ਗਿਆ। ਮੁੱਖਮੰਤਰੀ ਨੇ ਹੁਣ ਦੋਹਾਂ ਭੈਣਾਂ ਨੂੰ ਮਿਲਨ ਦੇ ਲਈ ਬੁਲਾਇਆ ਹੈ। ਪੁਲਿਸ ਵੀ ਇਸ ਮਾਮਲੇ ਵਿੱਚ ਹਰਕਤ ਵਿੱਚ ਆ ਗਈ ਹੈ।
ਖ਼ੂਨ ਨਾਲ ਲਿਖੀ ਚਿੱਠੀ ਦੇ ਮਾਮਲੇ ਵਿੱਚ ਯੂ.ਪੀ. ਦੇ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਜਵਾਬ ਦਿੱਤਾ ਹੈ। ਉਨ੍ਹਾਂ ਚਿੱਠੀ ਲਿਖਣ ਵਾਲੀਆਂ ਦੋਵੇਂ ਭੈਣਾਂ ਨੂੰ ਮਿਲਨ ਲਈ ਬੁਲਾਇਆ ਹੈ। ਹੁਣ ਦੋਹਾਂ ਭੈਣਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।
ਦਰਅਸਲ ਦੋ ਮਹੀਨੇ ਪਹਿਲਾਂ ਯੂ.ਪੀ. ਦੇ ਬੁਲੰਦ ਸ਼ਹਿਰ ਵਿੱਚ ਰਹਿਣ ਵਾਲੀ 15 ਸਾਲ ਦੀ ਲਤਿਕਾ ਬੰਸਲ ਨੇ ਇੱਕ ਅਜਿਹਾ ਮੰਜ਼ਰ ਦੇਖਿਆ ਕਿ ਜਿਸ ਨੂੰ ਉਹ ਭੁੱਲ ਨਹੀਂ ਸਕਦੀ। ਬੀਤੀ 14 ਜੂਨ ਨੂੰ ਲਤਿਕਾ ਅਤੇ ਉਸ ਦੀ 11 ਸਾਲਾਂ ਭੈਣ ਤਾਨੀਆ ਦੇ ਸਾਹਮਣੇ ਹੀ ਉਸ ਦੀ ਮਾਂ ਅਨੂ ਬੰਸਲ ਦੀ ਜਿੰਦਾ ਸਾੜ ਦਿੱਤਾ ਗਿਆ। ਦੋਹਾਂ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਇਸ ਲਈ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਮੁੰਡੇ ਦੀ ਥਾਂ ਦੋ ਕੁੜੀਆਂ ਨੂੰ ਜਨਮ ਦਿੱਤਾ ਸੀ।
ਦੱਸਣਯੋਗ ਹੈ ਕਿ ਦੋ ਕੁੜੀਆਂ ਨੂੰ ਜਨਮ ਦੇਣ ਦੇ ਕਾਰਨ ਅਨੂ ਬੰਸਲ ਨੂੰ ਉਸ ਦੀ ਦੀਆਂ ਦੋਵੇਂ ਧੀਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
ਲਤਿਕਾ ਮੁਤਾਬਿਕ, ਬੀਤੀ 14 ਜੂਨ ਦੀ ਰਾਤ ਉਸ ਦੀ ਦਾਦੀ ਕੁੱਝ ਰਿਸ਼ਤੇਦਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਆਈ ਸੀ। ਉਨ੍ਹਾਂ ਕਿਹਾ ਕਿ ਉਹ ਉਸ ਦੇ ਪਿਤਾ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਕਰਵਾਉਣ ਜਾ ਰਹੀ ਹੈ, ਜੋ ਪੁੱਤਰ ਨੂੰ ਜਨਮ ਦੇ ਸਕੇ। ਇਸ ਗੱਲ ਤੇ ਹੀ ਵਿਵਾਦ ਸ਼ੁਰੂ ਹੋ ਗਿਆ। ਉਨ੍ਹਾਂ ਲੋਕਾਂ ਨੇ ਮਿਲ ਕੇ ਲਤਿਕਾ ਅਤੇ ਉਸ ਦੇ ਭੈਣ ਦੇ ਸਾਹਮਣੇ ਹੀ ਉਸ ਦੀ ਮਾਂ ਨੂੰ ਅੱਗ ਲਾ ਦਿੱਤੀ।
ਰਿਪੋਰਟ ਦੇ ਮੁਤਾਬਕ ਜਦੋਂ ਲਤਿਕਾ ਦੀ ਮਾਂ ਨੂੰ ਅੱਗ ਲਾਈ ਗਈ ਸੀ, ਤਾਂ ਉਸ ਨੇ ਮਦਦ ਦੇ ਲਈ 100 ਨੰਬਰ ਤੇ ਫ਼ੋਨ ਕੀਤਾ ਸੀ। ਪਰ ਕੋਈ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਉਸ ਨੇ ਐਂਬੂਲੈਂਸ ਲਈ ਵੀ ਫ਼ੋਨ ਕੀਤਾ, ਪਰ ਐਂਬੂਲੈਂਸ ਵੀ ਮੌਕੇ ਤੇ ਨਾ ਪੁੱਜੀ। ਇਸ ਤੋਂ ਬਾਅਦ ਲਤਿਕਾ ਨੇ ਆਪਣੇ ਮਾਮੇ ਨੂੰ ਫ਼ੋਨ ਕੀਤਾ। ਫਿਰ ਜਾ ਕੇ ਉਸ ਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ।