ਵਿਜੀਲੈਂਸ ਨੇ ਚੱਕਿਆ ਰਿਸ਼ਵਤਖੋਰ ਐਕਸੀਅਨ
ਬਠਿੰਡਾ ‘ਚ ਤਾਇਨਾਤ ਜਲ ਮਹਿਕਮੇ ਦਾ ਐਕਸੀਅਨ ਵਿਜੀਲੈਂਸ ਨੇ 50 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਐਕਸੀਅਨ ਕੇਕੇ ਸਿੰਗਲਾ ਦੀ ਕਰਤੂਤ ਤੋਂ ਦੁਖੀ ਠੇਕੇਦਾਰ ਨੇ ਮਹਿਕਮੇ ਨੂੰ ਇਸਦੀ ਧੱਕੇਸ਼ਾਹੀ ਬਾਰੇ ਸ਼ਿਕਾਇਤ ਕੀਤੀ ਸੀ।
ਫਿਲਹਾਲ ਰਿਸ਼ਵਤਖੋਰ ਐਕਸੀਅਨ ਵਿਜੀਲੈਂਸ ਪੁਲਿਸ ਦੇ ਸ਼ਿਕੰਜੇ ‘ਚ ਆ ਚੁੱਕਾ ਹੈ। ਜਨਾਬ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰ ਉਨ੍ਹਾਂ ਹੋਰ ਕਿੰਨੇ ਕੁ ਕਾਰਨਾਮੇ ਕੀਤੇ ਹਨ।
ਭੁਪਿੰਦਰ ਸਿੰਘ ਵੀ ਆਪਣੀ ਪੇਮੇਂਟ ਤੇ ਹੋਰ ਕੰਮ ਕਰਵਾਉਣ ਲਈ ਕਈ ਵਾਰ ਕੇਕੇ ਸਿੰਗਲਾ ਨੂੰ ਰਿਸ਼ਵਤ ਦੇ ਚੁੱਕੇ ਸਨ। ਪਰ ਰਿਸ਼ਤਵਖੋਰੀ ਦੇ ਇਸ ਖੇਡ ‘ਚ ਭੁਪਿੰਦਰ ਦੀ ਅੰਤਰ ਆਤਮਾ ਉਸ ਵੇਲੇ ਜਾਗ ਗਈ ਜਦੋਂ ਇਹ ਜਨਾਬ ਵੀ ਅਫਸਰ ਹੱਥੋ ਜ਼ਲੀਲ ਹੋਏ। ਜ਼ਲਾਲਤ ਦੇ ਨਾਲ ਨਾਲ ਨੋਟਬੰਦੀ ਦੀ ਵੀ ਦੋਹਰੀ ਮਾਰ ਪਈ।
ਪਿੰਡ ਮਾਹੀਨੰਗਲ ‘ਚ ਪੈਂਦੇ ਨਹਿਰੀ ਖਾਲ ਨੂੰ ਪੱਕਾ ਕਰਨ ਦਾ ਕੰਮ ਠੇਕੇਦਾਰ ਭੁਪਿੰਦਰ ਸਿੰਘ ਕਰਵਾ ਰਹੇ ਸਨ। ਸਰਕਾਰੀ ਮਹਿਕਮਿਆਂ ‘ਚ ਰਿਸ਼ਵਤ ਲੈਣ ਦੇਣ ਦਾ ਮਾਮਲਾ ਕਿਸੇ ਤੋਂ ਲੁਕਿਆ ਨਹੀਂ ਹੈ। ਇਹ ਉਸ ਵੇਲੇ ਹੋਰ ਵੱਧ ਜਾਂਦਾ ਹੈ ਜਦੋਂ ਠੇਕੇਦਾਰ ਤੇ ਅਫਸਰਾਂ ਦੀ ਮਿਲੀਭੁਗਤ ਹੁੰਦੀ ਹੈ।
ਸਿੰਗਲਾ ਦੇ ਘਰ ਦੀ ਤਲਾਸ਼ੀ ‘ਚ ਅਫਸਰਾਂ ਨੂੰ 15 ਲੱਖ 33 ਹਜ਼ਾਰ ਦੀ ਨਕਦੀ ਵੀ ਬਰਾਮਦ ਹੋਈ ਹੈ। ਜਿਸ ‘ਚ 14 ਲੱਖ ਨਵੀਂ ਕਰੰਸੀ ਵੀ ਸ਼ਾਮਲ ਹੈ।