ਬਿਲਾਵਲੁ ਮਹਲਾ ੫ ॥



ਸਿਮਰਤ ਨਾਮੁ ਕੋਟਿ ਜਤਨ ਭਏ ॥ ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥ ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥ ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥ ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥ ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥

 


ਪੰਜਾਬੀ ਵਿਆਖਿਆ :


ਬਿਲਾਵਲੁ ਮਹਲਾ 5


ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ (ਤੀਰਥ, ਕਰਮ ਕਾਂਡ ਆਦਿਕ) ਕੋ੍ਰੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ । (ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ (ਉਸ ਦੇ ਨੇੜੇ ਜਾਣੋਂ) ਡਰ ਆਉਣ ਲੱਗ ਪਿਆ ।।ਰਹਾਉ। ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ ਹਿਰਦੇ ਵਿਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ ।ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ, ਉਸ ਦਾ ਹਰੇਕ ਭਰਮ ਡਰ ਦੂਰ ਹੋ ਗਿਆ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ ।੧। (ਤਾਂ ਤੇ, ਹੇ ਭਾਈ!) ਨਿਡਰ ਹੋ ਕੇ (ਕਰਮ ਕਾਂਡ ਦਾ ਭਰਮ ਲਾਹ ਕੇ) ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ । ਇਹ ਨਾਮ-ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ । ਹੇ ਸਰਬ-ਵਿਆਪਕ ਦਾਤਾਰ ਪ੍ਰਭੂ! ਮੇਹਰ ਕਰ, ਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹੇ ।੨।੧੭।੧੦੩।