ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਨਾਨਕਸ਼ਾਹੀ ਕੈਲੰਡਰ ਸੰਮਤ 553ਵਾਂ ਸਾਲ 2021-22 ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਾਨਕ ਸ਼ਾਹੀ ਕੈਲੰਡਰ ਜਾਰੀ ਕੀਤਾ ਹੈ।14 ਮਾਰਚ ਤੋਂ ਯਾਨੀ ਕੱਲ੍ਹ ਤੋਂ ਨਵਾਂ ਨਾਨਕਸ਼ਾਹੀ ਸੰਮਤ (ਨਵਾਂ ਸਾਲ) ਅਰੰਭ ਹੋਣ ਜਾ ਰਿਹਾ ਹੈ।ਨਵਾਂ ਨਾਨਕਸ਼ਾਹੀ ਕੈਲੰਡਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।


ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਸੰਮਤ ਦੇ ਪਹਿਲੇ ਦਿਨ ਨੂੰ ਸ਼ਰਧਾ ਨਾਲ ਸੰਗਤ ਪ੍ਰਚਾਰੇ ਅਤੇ ਸੰਗਤ ਖੁਸ਼ੀਆਂ ਨਾਲ ਮਨਾਵੇ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬਾਨ ਨੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕੀ ਉਹ ਗੁਰੂ ਸਾਹਿਬਾਨ ਦੇ ਦਿਹਾੜੇ, ਸਮਾਜਿਕ ਕਾਰ ਵਿਹਾਰ ਇਸੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਮਨਾਉਣ।  


ਉਨ੍ਹਾਂ ਕਿਹਾ ਕਿ, "ਪੂਰੇ ਸਾਲ ਸਮਾਗਮ ਕਰਵਾਏ ਜਾਣ, ਸਾਰੀਆਂ ਸੰਸਥਾਵਾਂ , ਸੰਪ੍ਰਦਾਵਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਇਆ ਜਾਵੇ।ਭਾਰਤ ਤੇ ਪਾਕਿਸਤਾਨ 'ਚ ਇਕੋ ਦਿਨ ਪ੍ਰਕਾਸ਼ ਪੁਰਬ ਮਨਾਇਆ ਜਾਵੇ ਇਸ ਲਈ ਉਪਰਾਲੇ ਕੀਤੇ ਜਾਣ।ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਨੂੰ ਸ਼ਤਾਬਦੀ ਸਮਾਗਮ ਤੇ ਸੱਦਾ ਦੇਣ ਦਾ ਫੈਸਲਾ ਸ਼੍ਰੋਮਣੀ ਕਮੇਟੀ ਕਰੇਗੀ।"


ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵਾਂ ਸਾਲ ਦਾ ਸਮਾਗਮ ਮੂਲ ਨਾਨਕਸ਼ਾਹੀ ਕੈਲੰਡਰ ਦੀ ਰੌਸ਼ਨੀ ਵਿਚ 14 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਬਾਰੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਦੱਸਿਆ ਕਿ ਇਹ ਦਿਹਾੜਾ ਅਕਾਲ ਤਖ਼ਤ ਦੇ ਉਦੋਂ ਦੇ ਜਥੇਦਾਰ ਦੇ ਹੁਕਮ ਮੁਤਾਬਕ ਤਖ਼ਤ ਦਮਦਮਾ ਸਾਹਿਬ ਤੋਂ ਸਾਲ 2003 ਵਿਚ ਜਾਰੀ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ 2003 ਦੀ ਰੌਸ਼ਨੀ ਵਿਚ ਮਨਾਇਆ ਜਾ ਰਿਹਾ ਹੈ।


ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਦਿਹਾੜਾ ਮਨਾਉਣ ਲਈ 13 ਮਾਰਚ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਚ ਰਾਤ 9 ਵਜੇ ਤੋਂ 12 ਵਜੇ ਤਕ ਖ਼ਾਸ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।ਇਸ ਵਿਚ ਪਾਕਿਸਤਾਨ ਤੋਂ ਇਲਾਵਾ ਕੁਲ ਦੁਨੀਆਂ ਵਿਚ ਵੱਸਦੇ ਸ਼ਰਧਾਲੂ ਪੁੱਜਣਗੇ। ਰਾਗੀ, ਢਾਡੀ, ਕਵੀਸ਼ਰ ਤੇ ਕਥਾਵਾਚਕ ਦੇਰ ਰਾਤ ਤਕ ਸੰਗਤ ਨੂੰ ਗੁਰਬਾਣੀ ਨਾਲ ਜੋੜੀ ਰੱਖਣਗੇ।