All you need to know about Guru Ram Das: ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਉਨ੍ਹਾਂ ਦਾ ਪਹਿਲਾ ਨਾਮ ਜੇਠਾ ਸੀ। ਸੱਤ ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਤੇ ਛੇਤੀ ਹੀ ਪਿਤਾ ਜੀ ਵੀ ਨਾ ਰਹੇ। ਇਸ ਮਗਰੋਂ ਆਪ ਜੀ ਦੀ ਨਾਨੀ ਉਨ੍ਹਾਂ ਨੂੰ ਲਾਹੌਰ ਤੋਂ ਬਾਸਰਕੇ ਲੈ ਆਈ। ਨਾਨੀ ਆਰਥਿਕ ਪੱਖੋਂ ਗ਼ਰੀਬ ਸੀ ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਤੇ ਭੈਣ ਦੇ ਪਾਲਣ-ਪੋਸਣ ਦਾ ਭਾਰ ਵੀ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ ਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ।


ਜੇਠਾ ਜੀ 1541 ਵਿੱਚ ਬਾਸਰਕੇ ਆਏ ਸਨ ਤੇ 1546 ਵਿੱਚ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਆਪ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ ਤੇ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਰੂਪ ਵਿੱਚ ਬਿਰਾਜਮਾਨ ਹੋਏ। 


ਇਤਿਹਾਸ ਮੁਤਾਬਕ ਇੱਕ ਦਿਨ ਗੁਰੂ ਅਮਰਦਾਸ ਜੀ ਘਰ ਵਿੱਚ ਆਪਣੀ ਬੇਟੀ  ਬੀਬੀ ਭਾਨੀ ਦੇ ਰਿਸਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ, ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ। 


ਗੁਰੂ ਅਮਰ ਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਕਾਰ ਵਿੱਚ ਰਤਾ ਭਰ ਵੀ ਢਿੱਲ ਨਹੀਂ ਕੀਤੀ ਤੇ ਸਦਾ ਗੁਰੂ ਸਰੂਪ ਜਾਣ ਕੇ ਹੀ ਸੇਵਾ ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਕੋਈ ਪ੍ਰਵਾਹ ਨਾ ਕੀਤੀ ਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਤੇ ਗੁਰੂ ਅਮਰਦਾਸ ਜੀ ਨੇ ਵੀ ਆਖ ਦਿੱਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛਤਰ ਹੈ। ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਵੱਲੋਂ ਵਧੀਕੀਆਂ ਕਰਨ ’ਤੇ ਵੀ ਉਨ੍ਹਾਂ ਨੂੰ ਬੁਰਾ ਭਲਾ ਨਹੀਂ ਕਿਹਾ ਸਗੋਂ ਘਰੋਗੀ ਜੀਵਨ ਨੂੰ ਸਦਾ ਖੁਸ਼ਗਵਾਰ ਰੱਖਿਆ। 


 


ਛੋਟੀ ਉਮਰ ਵਿੱਚ ਪੜ੍ਹਨ ਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੀ ਪਰ ਜਿਉਂ ਹੀ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਲ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿਖਦੇ ਤੇ ਸਾਹਿਤ ਦੀ ਖੋਜ ਵੀ ਕਰਦੇ। ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਾਹਿਤਕਾਰ, ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ। ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਉਮਾਹ ਤੇ ਨਵੇਂ ਨਵੇਂ ਸਬਦਾਂ ਦੀ ਘਾੜਤ ਤੋਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਵਿੱਚੋਂ 8 ਵਾਰਾਂ ਮੂਲ ਰੂਪ ਵਿੱਚ ਆਪ ਜੀ ਦੀਆਂ ਹਨ। 


ਇਨ੍ਹਾਂ ਵਾਰਾਂ ਵਿੱਚ ਗੁਰੂ ਸੂਰਮੇ ਦੀ ਜਿੱਤ ਤੇ ਨਿੰਦਕਾਂ, ਦੋਖੀਆਂ, ਦੁਸਟਾਂ ਤੇ ਚੁਗਲਖੋਰਾਂ ਦੀ ਹਾਰ ਵਿਖਾਈ ਹੈ। ਗੁਰੂ ਸਾਹਿਬ ਸ਼ਬਦ ਘੜਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ ਅਤੇ ਇੱਕ ਸੁਜਾਨ ਜੌਹਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਂ ਦੀ ਤਰ੍ਹਾਂ ਯੋਗ ਥਾਂ ’ਤੇ ਜੜ੍ਹ ਦਿੰਦੇ ਸਨ। ਕਈ ਨਵੇਂ ਸ਼ਬਦਾਂ ਦੀ ਘਾੜਤ ਉਹਨਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ। ਗੁਰਬਾਣੀ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਜਿਵੇਂ ਕੋਈ ਸੁਆਣੀ ਆਪਣੇ ਗਲੇ ਦਾ ਹਾਰ ਪਰੋਂਦੀ ਹੈ। ਆਪ ਜੀ ਰਾਗਾਂ ਦੇ ਇਤਨੇ ਮਾਹਿਰ ਹੋ ਨਿਬੜੇ ਕਿ ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਲ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਮਿਲਦੀ ਹੈ ਤੇ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਲ 638 ਸ਼ਬਦ ਹਨ। 



1550 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਜੀਊਂਦਿਆਂ ‘ਗਰੂ ਕੇ ਚੱਕ’ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿੱਤੀ ਸੀ। ਇਹੀ ‘ਗੁਰੂ ਕਾ ਚੱਕ’ ਬਾਅਦ ਵਿਚ ‘ਰਾਮਦਾਸਪੁਰ’ ਤੇ ‘ਅੰਮ੍ਰਿਤਸਰ’ ਕਹਿਲਾਇਆ। ‘ਅੰਮ੍ਰਿਤਸਰ’ ਤੇ ‘ਸੰਤੋਖਸਰ ਸਰੋਵਰ’ ਦੀ ਖੁਦਵਾਈ ਕਰਵਾਈ। ਵੱਖ-ਵੱਖ ਬਜ਼ਾਰ ਤੇ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਈ। ਗ਼ਰੀਬ ਤੇ ਕਿਰਤੀ ਲੋਕ ਇੱਥੇ ਆਣ ਵਸੇ। 


ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਜੰਗਲ ਵਿਚ ਮੰਗਲ ਲੱਗ ਗਿਆ। 52 ਅਲੱਗ-ਅਲੱਗ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ। ਆਪ ਜੀ ਦੇ ਉੱਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਵਧਾਇਆ।


ਆਪ ਦੀ ਪਿਆਰ ਭਿੰਨੀ ਸ਼ਖ਼ਸੀਅਤ ਨੇ ਹਰ ਦਿਲ ਨੂੰ ਆਪਣੇ ਵਲ ਖਿੱਚ ਲਿਆ। ਆਪਣੇ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਨੂੰ ਸਾਹਿਤ, ਸੰਗੀਤ ਤੇ ਸਭਿਆਚਾਰ ਵਿੱਚ ਵਿਸ਼ੇਸ਼ ਸਿਆਣਾ ਬਣਾਇਆ। ਆਪ ਦੇ ਸਮੇਂ ਦੇ ਪ੍ਰਸਿਧ ਸਿੱਖ ਭਾਈ ਭਿਖਾਰੀ, ਮਹਾਂ ਨੰਦ, ਸਾਹਲੋ, ਚੰਦਰ ਭਾਨ, ਮਾਣਕ ਚੰਦ, ਗੁਰਮੁਖ, ਸੰਮਨ, ਆਦਮ, ਸੋਮਾ ਸਾਹ ਅਤੇ ਰੂਪਰਾ ਆਦਿ ਸਨ ਜਿਨ੍ਹਾਂ ਵੱਖ ਵੱਖ ਇਲਾਕਿਆਂ ਵਿੱਚ ਸਿੱਖੀ ਮਹਿਕ ਨੂੰ ਖਿਲਾਰਿਆ। ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਅਤੇ ਕੌਮੀਅਤ ਭਾਵਨਾ ਬਲਵਾਨ ਹੋਈ ਜਾਂ ਆਖੋ ਸਿੱਖੀ ਚਹੁੰ ਚੱਕੀ ਫੈਲੀ। 


ਗੁਰੂ ਰਾਮਦਾਸ ਜੀ ਨੇ 4 ਸਾਲ ਦੇ ਕਾਰਜਕਾਲ ਤੋਂ ਬਾਅਦ 1 ਸਤੰਬਰ 1581 ਈ ਵਿਖੇ ਆਪ ਜੀ ਜੋਤੀ ਜੋਤ ਸਮਾਂ ਗਏ। ਆਪ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਹੀ, ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਧਰਮ ਦਾ ਅਗਲਾ ਗੁਰੂ ਘੋਸ਼ਿਤ ਕਰ ਦਿੱਤਾ ਸੀ।