Guru Arjan Dev Ji: ਸ਼੍ਰੀ ਗੁਰੂ ਅਰਜਨ ਦੇਵ ਜੀ (Guru Arjan Dev Ji) ਸਿੱਖ ਧਰਮ ਦੇ ਪੰਜਵੇ ਗੁਰੂ ਸਨ। ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਅੱਗੇ ਵਧਾਉਂਦਿਆਂ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਉਨ੍ਹਾਂ ਨੇ ਸਾਰੀ ਉਮਰ ਮਾਨਵਤਾ ਦੀ ਭਲਾਈ ਲਈ ਕੰਮ ਕੀਤਾ ਤੇ ਜੁਲਮ ਖਿਲਾਫ ਆਵਾਜ਼ ਬੁਲੰਦ ਕਰਦਿਆਂ ਸੱਚ ਦੇ ਮਾਰਗ ਉੱਪਰ ਅਡੋਲ ਚੱਲਦੇ ਰਹੇ। ਸ਼੍ਰੀ ਗੁਰੂ ਅਰਜਨ ਦੇਵ ਸਿੱਖ ਧਰਮ ਦੇ ਪਹਲੇ ਗੁਰੂ ਸਨ ਜਿਨ੍ਹਾਂ ਨੇ ਧਰਮ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ।


ਇਤਿਹਾਸ ਮੁਤਾਬਕ ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਰਚੇਤਾ, ਨਾਮ ਬਾਣੀ ਵਿੱਚ ਵਿਲੀਨ, ਹਰਿਮੰਦਰ ਸਾਹਿਬ ਤੇ ਤਰਨ ਤਾਰਨ ਸਾਹਿਬ ਦੇ ਸਿਰਜਣਹਾਰੇ-ਸ੍ਰੀ ਗੁਰੂ ਅਰਜਨ ਦੇਵ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਇਨ੍ਹਾਂ ਦੀ ਮਾਤਾ ਬੀਬੀ ਭਾਨੀ ਗੁਰੂ ਅਮਰਦਾਸ ਦੀ ਬੇਟੀ ਸਨ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ।


ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਈ ਰਾਗਾਂ ਵਿੱਚ ਬਾਣੀ ਰਚੀ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਗਉੜੀ ਸੁਖਮਨੀ, ਬਾਰਾਮਾਹ ਮਾਝ, ਬਾਵਨ ਆਖਰੀ, ਬਿਰਹੜੇ, ਗੁਣਵੰਤੀ, ਅੰਜੁਲੀ, ਪਹਿਰੇ, ਦਿਨ ਰੈਣ ਰਾਗ, ਬੱਧ ਬਾਣੀਆਂ, ਸਲੋਕ ਬਾਰਾ, ਗਾਥਾ, ਫੁਨਹੇ, ਚੋਅ ਬੋਲੇ, ਸੰਕ੍ਰਿਤੀ ਸਲੋਕ, ਮੁੰਦਾਵਨੀ ਮਹਲਾ ਪੰਜਵਾਂ ਸ਼ਾਮਲ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਾਇਆ। 1661 ਈਸਵੀ ਨੂੰ ਇੱਥੇ ਹੀ ਪੋਥੀ ਸਾਹਿਬ ਦਾ ਹਰਮਿੰਦਰ ਸਾਹਿਬ ਵਿੱਚ ਪਹਿਲਾ ਪਾਠ ਹੋਇਆ ਤੇ ਬਾਬਾ ਬੁੱਢਾ ਸਾਹਿਬ ਪਹਿਲੇ ਗ੍ਰੰਥੀ ਹੋਏ।



ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਵਾਹ 16 ਸਾਲ ਦੀ ਉਮਰ ਵਿੱਚ ਜਲੰਧਰ ਦੇ ਕ੍ਰਿਸ਼ਨ ਚੰਦ ਦੀ ਧੀ ਮਾਤਾ ਗੰਗਾ ਨਾਲ 1579 ਈਸਵੀ ਵਿੱਚ ਹੋਇਆ। ਮਾਤਾ ਗੰਗਾ ਤੇ ਗੁਰੂ ਅਰਜਨ ਦੇਵ ਦੇ ਇੱਕ ਪੁੱਤਰ ਹਰਿਗੋਵਿੰਦ ਸਿੰਘ ਦਾ ਜਨਮ ਹੋਇਆ, ਜੋ ਅੱਗੇ ਚੱਲ ਕੇ ਸਿੱਖ ਧਰਮ ਦੇ ਛੇਵੇਂ ਗੁਰੂ ਬਣੇ। ਗੁਰੂ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਾਲੇ ਸ਼੍ਰੀ ਹਰਮਿੰਦਰ ਸਾਹਿਬ ਦੀ ਨੀਂਹ ਪ੍ਰਸਿੱਧ ਸੂਫੀ ਸੰਤ ਮੀਂਆ ਮੀਰ ਜੀ ਤੋਂ ਰੱਖਵਾਈ ਤੇ ਇਸ ਸਥਾਨ ਦੇ ਚਾਰਾਂ ਕੋਨਿਆਂ ਤੇ ਚਾਰਾ ਵਰਨਾ ਲਈ ਸਾਮਾਨ ਰੱਖੇ ਗਏ। 


ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹੋਏ। ਉਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। 1574 ਵਿੱਚ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਗੁਰੂ ਰਾਮ ਦਾਸ ਜੀ ਨੂੰ ਸਿੱਖਾਂ ਦੇ ਚੌਥੇ ਗੁਰੂ ਥਾਪਿਆ ਗਿਆ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਰਾਮ ਦਾਸ ਜੀ ਅਪਣੇ ਪੁੱਤਰਾਂ ਸਮੇਤ ਗੁਰੂ ਕਾ ਚੱਕ (ਅੰਮ੍ਰਿਤਸਰ) ਵਿਖੇ ਆ ਗਏ। ਉਥੇ ਜਾ ਕੇ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਸ਼ੁਰੂ ਕੀਤੀ ਗਈ ਸੰਤੋਖਸਰ ਦੀ ਸੇਵਾ ਆਰੰਭ ਕੀਤੀ। ਉਸ ਤੋਂ ਬਾਅਦ ਸੰਨ 1577 ਵਿਚ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੀ ਥਾਂ ਸਰੋਵਰ ਦੀ ਖੁਦਾਈ ਆਰੰਭ ਕੀਤੀ ਤੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ।


 
ਗੁਰੂ ਅਰਜਨ ਦੇਵ ਜੀ ਨੇ ਬਚਪਨ ਦੇ ਮੁੱਢਲੇ 11 ਸਾਲ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਗੁਜ਼ਾਰੇ। ਉਨ੍ਹਾਂ ਨੇ ਬਚਪਨ ਵਿੱਚ ਹੀ ਅਪਣੇ ਨਾਨਾ ਗੁਰੂ ਅਮਰਦਾਸ ਜੀ ਕੋਲੋਂ ਗੁਰਮੁਖੀ ਵਿੱਚ ਮੁਹਾਰਤ ਹਾਸਲ ਕੀਤੀ। ਬਚਪਨ ਵਿਚ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ, ਦੇਵਨਾਗਰੀ ਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਹੋ ਗਿਆ।


23 ਹਾੜ ਸੰਮਤ 1636 ਵਿਚ ਗੁਰੂ ਅਰਜਨ ਦੇਵ ਜੀ ਦਾ ਵਿਆਹ ਫਿਲੌਰ ਤਹਿਸੀਲ ਦੇ ਵਸਨੀਕ ਸ੍ਰੀ ਕਿਸ਼ਨ ਚੰਦ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। ਵਿਆਹ ਸਮੇਂ ਉਨ੍ਹਾਂ ਦੀ ਉਮਰ ਲਗਪਗ 16 ਸਾਲ ਸੀ। 21 ਹਾੜ ਸੰਮਤ 1652 ਨੂੰ ਮਾਤਾ ਗੰਗਾ ਜੀ ਦੀ ਕੁੱਖੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਥਸ਼ਿਸ਼ ਕੀਤੀ ਗਈ। ਗੁਰਿਆਈ ਮਿਲਣ ਸਮੇਂ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ।


 
ਗੁਰਿਆਈ ਮਿਲਣ ਤੋਂ ਬਾਅਦ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਵੱਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਸੰਪੂਰਨ ਕਰਨਾ ਸ਼ੁਰੂ ਕੀਤਾ। ਇਨ੍ਹਾਂ ਕੰਮਾਂ ਲਈ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਤੇ ਭਾਈ ਸਾਲ੍ਹੋ ਜੀ ਨੂੰ ਜਥੇਦਾਰ ਥਾਪਿਆ। 3 ਜਨਵਰੀ 1588 ਨੂੰ ਮਾਘੀ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। 1593 ਵਿਚ ਗੁਰੂ ਸਾਹਿਬ ਨੇ ਮਾਤਾ ਗੰਗਾ ਜੀ ਦੇ ਨਾਂ ‘ਤੇ ਜਲੰਧਰ ਵਿਖੇ ਖੂਹ ਵੀ ਲਵਾਇਆ।


ਗੁਰੂ ਸਾਹਿਬ ਨੇ ਅਪਣੇ ਗੁਰਗੱਦੀ ਕਾਲ ਵਿਚ ਸਭ ਤੋਂ ਮਹੱਤਵਪੂਰਨ ਕੰਮ ਗੁਰੂ ਸਾਹਿਬਾਨਾਂ ਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਹ ਮਹਾਨ ਕਾਰਜ ਗੁਰੂ ਸਾਹਿਬ ਨੇ ਸ੍ਰੀ ਰਾਮਸਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ। ਗੁਰੂ ਸਾਹਿਬ ਨੇ 1601 ਤੋਂ ਲੈ ਕੇ 1604 ਤੱਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ । 30 ਅਗਸਤ 1604 ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ।


ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦੇ ਨਾਲ ਨਾਲ ਕਈ ਬਾਣੀਆਂ ਦੀ ਰਚਨਾ ਵੀ ਕੀਤੀ। ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸਦੇ ਕੁਲ 2312 ਸ਼ਬਦ ਬਣਦੇ ਹਨ। ਗੁਰੂ ਸਾਹਿਬ ਦੀਆਂ ਪ੍ਰਮੁੱਖ ਰਚਨਾਵਾਂ ਵਿਚ ਸੁਖਮਨੀ ਸਾਹਿਬ, ਬਾਰਹਮਾਂਹ, ਬਾਵਨ ਅੱਖਰੀ, ਵਾਰਾਂ ਆਦਿ ਸ਼ਾਮਿਲ ਹਨ। ਗੁਰੂ ਅਰਜਨ ਦੇਵ ਜੀ ਦੀ ਬਾਣੀ 30 ਰਾਗਾਂ ਵਿਚ ਦਰਜ ਹੈ।


ਅਕਬਰ ਦੇ ਪੁੱਤਰ ਜਹਾਂਗੀਰ ਦੇ ਤਖ਼ਤ ‘ਤੇ ਬੈਠਣ ਤੋਂ ਬਾਅਦ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। 


ਅਖੀਰ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਸ਼ਹੀਦੀ ਸਮੇਂ ਗੁਰੂ ਸਾਹਿਬ ਨੂੰ ਤੱਤੀ ਤਵੀ ‘ਤੇ ਬਿਠਾ ਕੇ ਸੀਸ ‘ਤੇ ਗਰਮ ਰੇਤ ਪਾਈ ਗਈ। ਅੰਤ ਕਈ ਤਸੀਹਿਆਂ ਤੋਂ ਬਾਅਦ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ।