ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥


☬ ਵਿਆਖਿਆ ਗੁਰਮੁਖੀ ☬

ਰਾਗ ਆਸਾ ਵਿਚ ਭਗਤ ਧੰਨੇ ਜੀ ਕੀ ਬਾਣੀ। ਪਰਮਾਤਮਾ ਇੱਕ ਹੈ ਤੇ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ।

(ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ।1। ਰਹਾਉ।ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ; ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ।1। ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀ;ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਹੇ ਮਨ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ।2। ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ; ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ।3। ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ। ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ।4।1।


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ!!