ਦੇਵਗੰਧਾਰੀ ਮਹਲਾ ੫ ॥

ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥


 



ਉਲਟੀ = ਉਲਟਾ ਲੈ, ਪਰਤਾਅ ਲੈ। ਸਿਉ = ਨਾਲ, ਨਾਲੋਂ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਰੇ = ਹੇ ਮਨ! ਛੁਟਕੀ ਛੁਟਕੀ = ਜ਼ਰੂਰ ਟੁੱਟ ਜਾਂਦੀ ਹੈ। ਸਾਕਤ ਸੰਗਿ = ਸਾਕਤ ਦੀ ਸੰਗਤਿ ਵਿਚ। ਨ ਛੁਟਕੀ = ਵਿਕਾਰਾਂ ਵਲੋਂ ਖ਼ਲਾਸੀ ਨਹੀਂ ਹੁੰਦੀ।੧।ਰਹਾਉ। ਕਾਜਰ = ਕੱਜਲ, ਕਾਲਖ। ਭਰਿ = ਭਰ ਕੇ। ਮੰਦਰੁ = ਘਰ। ਜੋ ਪੈਸੇ = ਜੇਹੜਾ ਮਨੁੱਖ (ਉਸ ਵਿਚ) ਪਏਗਾ। ਕਾਲੂਖੀ = ਕਾਲਖ-ਭਰਿਆ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਿਸੁ ਤ੍ਰਿਕੁਟੀ = ਜਿਸ ਮਨੁੱਖ ਦੀ ਤ੍ਰਿਊੜੀ। ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਮੱਥੇ ਦੀਆਂ ਤਿੰਨ ਵਿੰਗੀਆਂ ਲਕੀਰਾਂ; ਤ੍ਰਿਊੜੀ, ਅੰਦਰਲੀ ਖਿੱਝ ॥੧॥



ਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ। ਹੇ ਮਨ! ਸਾਕਤ ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਫਿਰ, ਸਾਕਤ ਦੀ ਸੰਗਤਿ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ।੧।ਰਹਾਉ। ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ)। ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ (ਅਧਰਮੀ) ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ ॥੧॥

( Waheguru Ji Ka Khalsa, Waheguru Ji Ki Fathe )



ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।