ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥



ਪਦ ਅਰਥ: ਗਾਵੈ = ਗਾਂਦਾ ਰਹਿੰਦਾ ਹੈ।ਕੀ = ਦੀ। ਗੁਨੁ = ਸੁਭਾਉ ॥੧॥ ਆਪੇ = ਆਪ ਹੀ। ਬੋਲਿ = ਬੋਲ ਕੇ। ਬੋਲਿ ਬੁਲਾਵੈ = (ਆਪ ਹੀ ਹਰੇਕ ਜੀਵ ਵਿਚ) ਬੋਲਣਾ ਹੈ ਆਪ ਹੀ ਜੀਵਾਂ ਨੂੰ ਬੋਲਣ ਦੀ ਪ੍ਰੇਰਨਾ ਕਰਦਾ ਹੈ ॥੧॥ਪੰਚ ਤਤੁ = ਜਲ, ਅਗਨੀ, ਪ੍ਰਿਥਵੀ, ਵਾਯੂ, ਆਕਾਸ਼। ਪੰਚ ਧਾਤੂ = ਜਲ ਵਿਚ ਰਸ, ਅਗਨੀ ਵਿਚ ਰੂਪ, ਪ੍ਰਿਥਵੀ ਵਿਚ ਗੰਧ, ਵਾਯੂ ਵਿਚ ਸਪਰਸ਼, ਆਕਾਸ਼ ਵਿਚ ਸ਼ਬਦ। ਝਗਰੁ = ਖਿੱਚੋਤਾਣ। ਚੁਕਾਵੈ = ਮੁਕਾਂਦਾ ਹੈ ॥੨॥੩॥



ਅਰਥ: ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ॥ (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮੱਤ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥ (ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ ॥੨॥੩॥


 


( Waheguru Ji Ka Khalsa, Waheguru Ji Ki Fateh.)

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!