ਰਾਮਕਲੀ ਮਹਲਾ ੫ ॥ ਦਰਸਨ ਕਉ ਜਾਈਐ ਕੁਰਬਾਨੁ ॥ ਚਰਨ ਕਮਲ ਹਿਰਦੈ ਧਰਿ ਧਿਆਨੁ ॥ ਧੂਰਿ ਸੰਤਨ ਕੀ ਮਸਤਕਿ ਲਾਇ ॥ ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥ ਜਿਸੁ ਭੇਟਤ ਮਿਟੈ ਅਭਿਮਾਨੁ ॥ ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥ ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥ ਗੁਰ ਕੀ ਭਗਤਿ ਸਦਾ ਗੁਣ ਗਾਉ ॥ ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥ ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥
ਜਾਈਐ = ਜਾਣਾ ਚਾਹੀਦਾ ਹੈ। ਹਿਰਦੈ = ਹਿਰਦੇ ਵਿਚ। ਧਰਿ = ਧਰ ਕੇ। ਸੰਤ = ਗੁਰੂ ਦੇ ਦਰ ਦੇ ਸਤਸੰਗੀ। ਮਸਤਕਿ = ਮੱਥੇ ਉਤੇ। ਦੁਰਮਤਿ = ਖੋਟੀ ਮਤਿ। ਜਾਇ = ਦੂਰ ਹੋ ਜਾਂਦੀ ਹੈ ॥੧॥ ਜਿਸੁ ਭੇਟਤੁ = ਜਿਸ (ਗੁਰੂ) ਨੂੰ ਮਿਲਿਆਂ। ਸਭੁ = ਹਰ ਥਾਂ। ਭਗਵਾਨ = ਹੇ ਭਗਵਾਨ ॥੧॥ ਕੀਰਤਿ = ਸੋਭਾ। ਜਪੀਐ = ਜਪਣਾ ਚਾਹੀਦਾ ਹੈ। ਗਾਉ = ਗਾਂਦੇ ਰਹੋ। ਸੁਰਤਿ = ਧਿਆਨ, ਲਗਨ। ਨਿਕਟਿ = ਨੇੜੇ। ਜਾਨੁ = ਸਮਝ। ਸਤਿ = ਸਦਾ ਕਾਇਮ ਰਹਿਣ ਵਾਲਾ, ਸੱਚਾ। ਮਾਨੁ = ਮੰਨ ॥੨॥
(ਹੇ ਭਾਈ! ਗੁਰੂ ਦੇ) ਦਰਸ਼ਨ ਤੋਂ ਸਦਕੇ ਜਾਣਾ ਚਾਹੀਦਾ ਹੈ (ਦਰਸ਼ਨ ਦੀ ਖ਼ਾਤਰ ਆਪਾ-ਭਾਵ ਕੁਰਬਾਨ ਕਰ ਦੇਣਾ ਚਾਹੀਦਾ ਹੈ)। (ਗੁਰੂ ਦੇ) ਸੋਹਣੇ ਚਰਨਾਂ ਦਾ ਧਿਆਨ ਹਿਰਦੇ ਵਿਚ ਧਰ ਕੇ (ਗੁਰੂ ਦੀ ਦੱਸੀ ਭਗਤੀ ਕਰਨੀ ਚਾਹੀਦੀ ਹੈ)। (ਹੇ ਭਾਈ! ਗੁਰੂ ਦੇ ਦਰ ਤੇ ਰਹਿਣ ਵਾਲੇ) ਸੰਤ ਜਨਾਂ ਦੀ ਚਰਨ-ਧੂੜ ਮੱਥੇ ਉਤੇ ਲਾਇਆ ਕਰ, (ਇਸ ਤਰ੍ਹਾਂ) ਅਨੇਕਾਂ ਜਨਮਾਂ ਦੀ ਖੋਟੀ ਮਤਿ ਦੀ ਮੈਲ ਲਹਿ ਜਾਂਦੀ ਹੈ ॥੧॥ ਜਿਸ ਗੁਰੂ ਨੂੰ ਮਿਲਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ, ਅਤੇ ਪਾਰਬ੍ਰਹਮ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ, ਹੇ ਸਭ ਗੁਣਾਂ ਵਾਲੇ ਭਗਵਾਨ! (ਮੇਰੇ ਉਤੇ) ਕਿਰਪਾ ਕਰ (ਮੈਨੂੰ ਉਹ ਗੁਰੂ ਮਿਲਾ) ॥੧॥ ਰਹਾਉ॥ ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ-ਇਹੀ ਹੈ ਗੁਰੂ ਦੀ ਸੋਭਾ (ਕਰਨੀ)। ਹੇ ਭਾਈ! ਸਦਾ ਪ੍ਰਭੂ ਦੇ ਗੁਣ ਗਾਇਆ ਕਰ- ਇਹੀ ਹੈ ਗੁਰੂ ਦੀ ਭਗਤੀ! ਹੇ ਭਾਈ! ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਜਾਣ-ਇਹੀ ਹੈ ਗੁਰੂ ਦੇ ਚਰਨਾਂ ਵਿਚ ਧਿਆਨ ਧਰਨਾ। ਹੇ ਭਾਈ! ਗੁਰੂ ਦੇ ਸ਼ਬਦ ਨੂੰ (ਸਦਾ) ਸੱਚਾ ਕਰਕੇ ਮੰਨ ॥੨॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।