ਰਾਗੁ ਸੂਹੀ ਮਹਲਾ ੪ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥ ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥ ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥ ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥
ਵਿਕਣਾ = ਵੇਚਦਿਆਂ, ਦੂਰ ਕਰਦਿਆਂ। ਰਵਾ = ਰਵਾਂ, ਮੈਂ ਯਾਦ ਕਰਾਂ। ਬਲਿ = ਸਦਕੇ। ਰਾਮ ਜੀਉ = ਹੇ ਰਾਮ ਜੀ! ਚਵਾ = ਚਵਾਂ, ਮੈਂ ਉਚਾਰਦਾ ਰਹਾਂ। ਸਦ = ਸਦਾ। ਸਹਜੇ ਸਹਜਿ = ਸਹਜਿ ਹੀ ਸਹਜਿ, ਸਦਾ ਆਤਮਕ ਅਡੋਲਤਾ ਵਿਚ। ਕਾਇਮ = ਸਰੀਰ। ਸਬਦਿ = ਸ਼ਬਦ ਦੀ ਬਰਕਤਿ ਨਾਲ। ਸੁਖਾਲੀ = ਸੌਖੀ। ਗਿਆਨ = ਆਤਮਕ ਜੀਵਨ ਦੀ ਸੂਝ। ਤਤਿ = ਤੱਤ ਵਿਚ। ਗਿਆਨ ਤਤਿ = ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ (ਜੁੜ ਕੇ)। ਕਰਿ = ਕਰੇ, ਕਰਦੀ ਹੈ। ਕਰਿ ਭੋਗੋ = ਮਿਲਾਪ ਦਾ ਸੁਖ ਮਾਣਦੀ ਹੈ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸੁਖਿ = ਸੁਖ ਵਿਚ। ਧੁਰਿ = ਧੁਰ ਦਰਗਾਹ ਤੋਂ। ਸੰਜੋਗੋ = ਮਿਲਾਪ ॥੧॥ਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ)। ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ। ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ। ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ। ਹੇ ਨਾਨਕ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ ॥੧॥