ਗੂਜਰੀ ਮਹਲਾ ੫ ॥ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥ ਸਿਆਨਪ ਕਾਹੂ ਕਾਮਿ ਨ ਆਤ ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥ ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥ ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥ ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥ ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥ ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥


 



ਪਦਅਰਥ:- ਮਤਾ—ਸਲਾਹ। ਪਛਮ ਕੈ ਤਾਈ—ਪੱਛਮ ਵਲ ਜਾਣ ਵਾਸਤੇ। ਕੈ ਤਾਈ—ਦੇ ਵਾਸਤੇ। ਥਾਪਿ—ਸਾਜ ਕੇ। ਉਥਾਪਨਹਾਰਾ—ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਹਾਥਿ—ਹੱਥ ਵਿਚ। ਮਤਾਤ—ਮਤਾਂਤ, ਸਲਾਹਾਂ ਦਾ ਅੰਤ, ਫ਼ੈਸਲਾ।1। ਕਾਹੂ ਕਾਮਿ—ਕਿਸੇ ਕੰਮ ਵਿਚ। ਅਨਰੂਪਿਓ—ਮਿਥ ਲਈ, ਠਾਠ ਲਈ। ਠਾਕੁਰਿ ਮੇਰੈ—ਮੇਰੇ ਠਾਕੁਰ ਨੇ। ਹੋਇ ਰਹੀ—ਹੋ ਕੇ ਰਹਿੰਦੀ ਹੈ, ਜ਼ਰੂਰ ਹੁੰਦੀ ਹੈ।1। ਰਹਾਉ। ਮਨਸਾ—ਕਾਮਨਾ, ਇੱਛਾ। ਬੀਚੇ—ਵਿੱਚੇ ਹੀ। ਨਿਕਸੇ—ਨਿਕਲ ਜਾਂਦੇ ਹਨ। ਸਾਸ—ਸਾਹ। ਲਸਕਰ—ਫ਼ੌਜਾਂ। ਨੇਬ—ਨਾਇਬ, ਅਹਿਲਕਾਰ। ਖਵਾਸ—ਚੋਬ-ਦਾਰ। ਤਿਆਗੇ—ਤਿਆਗਿ, ਛੱਡ ਕੇ। ਜਮ ਪੁਰਿ—ਪਰਲੋਕ ਵਿਚ।2। ਅਨੰਨਿ—ਜਿਸ ਨੇ ਹੋਰ ਪਾਸੇ ਛੱਡ ਦਿੱਤੇ ਹਨ। (ਮਾਇਆ ਵਾਲਾ ਪਾਸਾ ਛੱਡ ਕੇ=ਹੋਇ ਅਨੰਨਿ)। ਦ੍ਰਿੜਤਾ—ਪਕਿਆਈ। ਆਪਸ ਕਉ—ਆਪਣੇ ਆਪ ਨੂੰ। ਜਾਨਾਤ—(ਵੱਡਾ) ਜਣਾਉਂਦਾ ਹੈ। ਅਨਿੰਦੁ—ਨਾਹ ਨਿੰਦਣ-ਜੋਗ।3। ਸਹਜ—ਆਪਣਾ ਨਿੱਜੀ। ਸੁਭਾਇ—ਪ੍ਰੇਮ ਅਨੁਸਾਰ। ਸਹਜ ਸੁਭਾਇ—ਆਪਣੇ ਨਿੱਜੀ ਪ੍ਰੇਮ ਅਨੁਸਾਰ, ਆਪਣੇ ਸੁਭਾਵਿਕ ਪ੍ਰੇਮ ਨਾਲ। ਭੇਟਿਆ—ਮਿਲਿਆ।4।

 



ਅਰਥ:- (ਹੇ ਭਾਈ! ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ।1। ਰਹਾਉ। ਹੇ ਭਾਈ! ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ। ਹੇ ਭਾਈ! ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ।1। (ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ, ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ)।2। (ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ।3। (ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ। ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।4। 4।5।


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!