ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਅੰਤ੍ਰਿਗ ਕਮੇਟੀ ਉੱਪਰ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਿਰਫ ਮੁੱਖ ਸਕੱਤਰ ਜਾਂ ਹੋਰ ਅਹੁਦੇਦਾਰਾਂ ਦੇ ਅਸਤੀਫ਼ੇ ਨਾਲ ਗੱਲ ਨਹੀਂ ਬਣਨੀ। ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪ੍ਰਧਾਨ ਲੌਂਗੋਵਾਲ ਤੇ ਅੰਤ੍ਰਿਮ ਕਮੇਟੀ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਨੂੰ ਸੰਗਤ ਸਾਹਮਣੇ ਆ ਕੇ ਇਸ ਮੁੱਦੇ 'ਤੇ ਜਵਾਬ ਦੇਣਾ ਪਵੇਗਾ।


ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਸਿਆਸੀ ਦਖਲਅੰਦਾਜ਼ੀ ਕਰਕੇ ਤਹਿਤ-ਨਹਿਸ਼ ਹੋ ਗਿਆ ਹੈ। ਇਸ ਵਿੱਚ ਬੇਲੋੜੀ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ ਤੇ ਹੁਣ ਵੀ ਪਾਵਨ ਸਰੂਪਾਂ ਦੇ ਮਾਮਲੇ 'ਤੇ ਜੋ ਕਾਰਵਾਈ ਹੋ ਰਹੀ ਹੈ, ਇਸ ਵਿੱਚ ਵੀ ਪ੍ਰਧਾਨ ਨੇ ਤਾਂ ਸਿਰਫ ਇੱਕ ਮਖੌਟਾ ਪਾਇਆ ਹੈ, ਬਾਕੀ ਸਭ ਪਰਦੇ ਦੇ ਪਿੱਛੋਂ ਹੀ ਕਾਰਵਾਈ ਚੱਲ ਰਹੀ ਹੈ।

ਬੀਬੀ ਕਿਰਨਜੋਤ ਕੌਰ ਨੇ ਇਹ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਵਿੱਚ ਹਰ ਫ਼ੈਸਲਾ ਪ੍ਰਧਾਨ ਦੇ ਹੁਕਮ ਨਾਲ ਹੁੰਦਾ ਹੈ ਜਦਕਿ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਹੁਕਮ ਨੂੰ ਲਾਗੂ ਕਰਵਾਉਂਦੇ ਹਨ। ਅਜਿਹੇ ਵਿੱਚ ਮੁੱਖ ਸਕੱਤਰ 'ਤੇ ਕਾਰਵਾਈ ਕਰਕੇ ਪ੍ਰਧਾਨ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਸ਼੍ਰੋਮਣੀ ਕਮੇਟੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਹਰ ਬੀੜ ਦਾ ਰਿਕਾਰਡ ਮੌਜੂਦ ਹੁੰਦਾ ਹੈ। ਪ੍ਰਧਾਨ ਨੂੰ ਸੰਗਤ ਨੂੰ ਇਹ ਗੱਲ ਦੱਸਣੀ ਪਵੇਗੀ ਕਿ ਇਹ ਪਾਵਨ ਸਰੂਪ ਆਖਰ ਗਏ ਕਿੱਥੇ।

ਬੀਬੀ ਕਿਰਨਜੋਤ ਕੌਰ ਨੇ ਮੁੱਖ ਸਕੱਤਰ ਦਾ ਅਸਤੀਫ਼ਾ ਪ੍ਰਵਾਨ ਕੀਤੇ ਜਾਣ 'ਤੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜੇਕਰ ਮੁੱਖ ਸਕੱਤਰ ਜ਼ਿੰਮੇਵਾਰ ਹਨ ਤਾਂ ਉਨ੍ਹਾਂ ਨੂੰ ਚਾਰਜਸ਼ੀਟ ਕਿਉਂ ਨਹੀਂ ਕੀਤਾ। ਇਸ ਮਾਮਲੇ 'ਤੇ ਸਿਰਫ ਅਸਤੀਫ਼ਾ ਲੈ ਕੇ ਹੀ ਛੱਡ ਦੇਣਾ ਸਹੀ ਗੱਲ ਨਹੀਂ। ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਯੂ-ਟਰਨ 'ਤੇ ਬੋਲਦੇ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਨ ਪਹਿਲਾਂ ਕਾਹਲੀ ਵਿੱਚ ਇਹ ਫ਼ੈਸਲਾ ਲੈ ਲਿਆ ਤੇ ਹੁਣ ਜਦੋਂ ਠੰਢੇ ਦਿਮਾਗ ਨਾਲ ਇਨ੍ਹਾਂ ਸੋਚਿਆ ਤਾਂ ਕਾਨੂੰਨੀ ਕਾਰਵਾਈ ਦਾ ਫੈਸਲਾ ਵਾਪਸ ਲੈ ਲਿਆ।