ਪਰਮਜੀਤ ਸਿੰਘ ਦੀ ਰਿਪੋਰਟ


ਨਵੀਂ ਦਿੱਲੀ: ਦਿੱਲੀ ਵਿੱਚ ਗੁਰਦੁਆਰਾ ਚੋਣਾਂ ਨੂੰ ਲੈ ਕੇ ਪ੍ਰਚਾਰ ਸਿਖਰ ਤੇ ਹੈ ਤੇ ਵੋਟਾਂ ਨੂੰ ਮਹਿਜ਼ ਇੱਕ ਦਿਨ ਦਾ ਸਮਾਂ ਬਚਿਆ ਹੈ।ਇਸ ਦਰਮਿਆਨ ਵੱਖ-ਵੱਖ ਰਾਜਨੀਤਕ ਪਾਰਟੀਆਂ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ। ਜੇਕਰ ਮੁੱਖ ਟੱਕਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਭਰਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਰਮਿਆਨ ਹੈ।


ਇਸ ਵਿਚਾਲੇ ਦੋਵੇਂ ਹੀ ਆਪਣੀ ਜਿੱਤ ਯਕੀਨੀ ਮੰਨ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਕਿ "ਪਿਛਲੇ 2 ਵਾਰ ਦੇ ਕਾਰਜ-ਕਾਲ ਦੇ ਦੌਰਾਨ ਜੋ ਕੰਮ ਉਹਨਾਂ ਨੇ ਕੀਤੇ ਹਨ ਉਹਨਾਂ ਦੇ ਲਈ ਉਹ 36 ਤੋਂ ਜ਼ਿਆਦਾ ਸੀਟਾਂ ਪ੍ਰਾਪਤ ਕਰਨਗੇ ਤੇ ਸੰਗਤਾ ਉਹਨਾਂ ਦੇ ਹੱਕ 'ਚ ਭੁਗਤਣਗੀਆਂ।"


ਸਿਰਸਾ ਨੇ ਅਗੇ ਕਿਹਾ, "ਪਰ ਦੂਸਰੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਮੌਜੂਦਾ ਧਿਰ ਨੂੰ ਅਦਾਲਤ ਨੇ ਵੀ ਗੋਲਕ ਚੋਰ ਕਹਿ ਕੇ ਸੰਬੋਧਨ ਕੀਤਾ ਹੈ ਤੇ ਐਸੇ ਲੋਕਾਂ ਨੂੰ ਸੰਗਤ ਕਦੇ ਵੀ ਮੁਆਫ਼ ਨਹੀਂ ਕਰੇਗੀ। ਇਸੇ ਕਰਕੇ ਹੀ ਇਹ ਜਿੱਥੇ ਜਾਂਦੇ ਹਨ ਇਹਨਾਂ ਦਾ ਕਾਲੇ ਝੰਡੇ ਦਿੱਖਾਂ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਅਕਾਲੀ ਦਲ ਦਿੱਲੀ ਪੂਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰੇਗਾ।"


ਗੌਰਤਲਬ ਹੈ ਕਿ ਇਹਨਾਂ ਚੋਣਾਂ ਦੇ ਲਈ ਅੱਜ 5 ਵਜੇ ਚੌਣ ਪ੍ਰਚਾਰ ਖਤਮ ਹੋ ਗਿਆ ਅਤੇ 22 ਅਗਸਤ ਨੂੰ ਵੋਟਾਂ ਪਾਈਆਂ ਜਾਣਗੀਆਂ।ਇਸ ਵਾਰ ਇਹਨਾਂ ਚੋਣਾਂ ਦੇ ਵਿੱਚ 6 ਪਾਰਟੀਆਂ ਆਪੋ ਅਪਣੇ ਉਮੀਦਵਾਰਾਂ ਦੇ ਨਾਲ ਚੌਣ ਮੈਦਾਨ ਦੇ ਵਿੱਚ ਉਤਰੀਆਂ ਹਨ। ਜੇਕਰ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਸੰਗਤ ਵੱਲੋਂ ਵੀ ਵੱਖੋ-ਵੱਖ ਪ੍ਰਤੀਕਰਮ ਦਿੱਤੇ ਗਏ ਤੇ ਇਲਜ਼ਾਮਬਾਜ਼ੀ ਕੀਤੀ ਗਈ। 


ਇਤਿਹਾਸਕ ਪੱਖ ਤੋਂ ਵੇਖਿਆ ਜਾਵੇ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਹੈ ਅਤੇ ਇਸ ਦੀਆਂ ਪਹਿਲੀ ਵਾਰ ਚੋਣਾਂ 1974 ਵਿੱਚ ਹੋਈਆਂ ਸਨ। ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ਼ ਗੁਰਦੁਆਰਾ ਇਲੈਕਸ਼ਨਜ਼ ਦੀ ਸਥਾਪਨਾ 1974 ਵਿੱਚ ਹੋਈ ਸੀ। ਇਸ ਲਈ ਦੇਸ਼ ਦੀ ਸੰਸਦ ਵਿੱਚ ਐਕਟ ਪਾਸ ਕੀਤਾ ਗਿਆ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਜੋਂ ਜਾਣਿਆ ਜਾਣ ਲੱਗਾ।ਇਹ ਐਕਟ ਦਿੱਲੀ ਦੇ ਗੁਰਦੁਆਰੇ ਅਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਦੇ ਨਿਯਮ ਤੇ ਦਿਸ਼ਾ ਨਿਰਦੇਸ਼ ਤੈਅ ਕਰਦਾ ਹੈ।