ਰਾਗੁ ਸੂਹੀ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ ਹਉ ਬਿਸਮੁ ਭਈ ਜੀ ਹਰਿ ਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥ ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥
ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥ ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸਰੁ ਤੇਰਾ ਅੰਤੁ ਨ ਪਾਰਾਵਾਰਾ ॥੨॥ ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥ ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥ ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥
ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ । ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ । ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ । ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ—ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ । ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ । ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ । ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ।੧।ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ ।
ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ । ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ । ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ । ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ । ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ । ਹੇ ਨਾਨਕ! (ਆਖ—) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ।੨। ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ—ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ ।
ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ । ਹੇ ਨਾਨਕ! ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ । ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ।੩।
ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ ਜੋ ਕਦੇ ਭੀ ਡੋਲਦਾ ਨਹੀਂ । ਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ । ਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ । (ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ । ਹੇ ਭਾਈ! (ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ । ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ । ਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ