ਚੰਡੀਗੜ੍ਹ: ਉਤਰਾਖੰਡ ਵਿੱਚ ਪੈਂਦੇ ਗੁਰਦੁਆਰਾ ਗੋਬਿੰਦਘਾਟ ਸਾਹਿਬ ਦੀ ਪਾਰਕਿੰਗ ’ਚ ਖੜ੍ਹੀਆਂ 25 ਕਾਰਾਂ ਢਿੱਗਾਂ ਡਿੱਗਣ ਨਾਲ ਦੱਬ ਗਈਆ। ਇਹ ਘਟਨਾ 7 ਸਤੰਬਰ ਨੂੰ ਸਵੇਰੇ ਚਾਰ ਵਜੇ ਦੇ ਕਰੀਬ ਵਾਪਰੀ। ਰਾਤ ਨੂੰ ਭਾਰੀ ਬਾਰਸ਼ ਨਾਲ ਅਚਾਨਕ ਢਿੱਗਾਂ ਡਿੱਗ ਗਈਆਂ ਜਿਸ ਹੇਠ ਕਾਰਾਂ ਦੱਬ ਗਈਆਂ। ਇਸ ਨਾਲ ਕਾਰਾਂ ਦਾ ਕਾਫੀ ਨੁਕਸਾਨ ਹੋਇਆ। ਉਂਝ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਸਾਰੀਆਂ ਕਾਰਾਂ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੀਆਂ ਸਨ ਜਾਂ ਫਿਰ ਸਥਾਨਕ ਲੋਕਾਂ ਦੀਆਂ ਵੀ ਸਨ। ਇਸ ਬਾਰੇ ਪੰਜਾਬ ਦੇ ਪਿੰਡ ਜੇਤੇਵਾਲ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਗੁਰਦਵਾਰਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਇਨੋਵਾ (ਪੀਬੀ-29 ਐਸ, 1491) ਰਾਹੀਂ ਜਾ ਰਹੇ ਸਨ। ਜਦੋਂ ਉਹ ਗੋਬਿੰਦਧਾਮ ਦੇ ਦਰਸ਼ਨ ਕਰਨ ਤੋਂ ਬਾਅਦ ਗੋਬਿੰਦਘਾਟ ਪਹੁੰਚੇ ਤਾਂ ਉਨ੍ਹਾਂ ਆਪਣੀ ਗੱਡੀ ਸੜਕ ਕਿਨਾਰੇ ਬਣੀ ਪਾਰਕਿੰਗ ਵਿੱਚ ਲਾ ਦਿੱਤੀ। ਜਦੋਂ ਸਵੇਰ ਵੇਲੇ ਪਾਰਕਿੰਗ ਵਾਲੀ ਥਾਂ ’ਤੇ ਪਹੁੰਚੇ ਤਾਂ ਉਹ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਲਗਪਗ 25 ਕਾਰਾਂ ਮਲਬੇ ਵਿੱਚ ਦੱਬੀਆਂ ਗਈਆਂ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕਾਰ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਕਾਰ ਮਲਬੇ ਵਿੱਚ ਦੱਬੀ ਛੱਡ ਕੇ ਆਪਣੇ ਪਰਿਵਾਰ ਨਾਲ ਹੋਰ ਸ਼ਰਧਾਲੂਆਂ ਨਾਲ ਟੈਂਪੂ ਕਰਕੇ ਘਰ ਪਹੁੰਚੇ। ਉਨ੍ਹਾਂ ਦੱਸਿਆ ਕਿ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਵਾਲੀ 14 ਕਿਲੋਮੀਟਰ ਲੰਮੀ ਸੜਕ ਢਿੱਗਾਂ ਡਿੱਗਣ ਨਾਲ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਥੇ ਦੇ ਲੋਕਾਂ ਵੱਲੋਂ ਬਚਾਓ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ।