Punjab News: ਪੰਜਾਬ ਦੇ ਤਰਨਤਾਰਨ ਵਿੱਚ ਚਰਚ 'ਚ ਹੋਈ ਭੰਨਤੋੜ ਮਾਮਲੇ ਵਿੱਚ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਸਵਾਲ ਚੁੱਕੇ ਹਨ। ਔਜਲਾ ਨੇ ਕਿਹਾ ਕਿ ਐੱਸਜੀਪੀਸੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫ਼ਾਇਦਾ ਦੇਣ ਲਈ ਧਰਮ ਨੂੰ ਅੱਖੋਂ ਪਰੋਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਆਖ਼ਰ ਕਿਓਂ ਸਿੱਖ ਧਰਮ ਨਾਲ ਜੁੜੇ  ਲੋਕ ਇਸਾਈ ਧਰਮ ਵੱਲ ਝੁਕ ਰਹੇ ਹਨ।


ਲੋਕ ਸਭਾ ਮੈਂਬਰ ਔਜਲਾ ਨੇ ਤਰਨਤਾਰਨ ਵਿੱਚ ਹੋਈ ਘਟਨਾ ਤੇ ਉਸ ਤੋਂ ਤਿੰਨ ਦਿਨ ਪਹਿਲਾਂ ਜੰਡਿਆਲਾਗੁਰੂ ਦੇ ਪਿੰਡ ਡੱਡੂਆਣਾ ਵਿੱਚ ਇਸਾਈ ਤੇ ਨਹਿੰਗ ਸਿੰਘਾਂ ਵਿਚਾਲੇ ਹੋਈ ਝੜਪ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ  ਵਿੱਚ ਸਭ ਤੋਂ ਜ਼ਿਆਦਾ ਗੁਰਦੁਆਰੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏਅਰ ਕੰਡੀਸ਼ਨਰ ਹਨ ਪਰ ਉਨ੍ਹਾਂ ਵਿੱਚ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਵਿੱਚ ਧਿਆਨ ਨਹੀਂ  ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੱਡੂਆਣਾ ਪਿੰਡ ਵਿੱਚ ਹੋਏ ਘਟਨਾਕ੍ਰਮ ਵਿੱਚ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਪਰ ਇਸ ਵੇਲੇ ਸਿੱਖ ਧਰਮ ਤੇ ਐੱਸਜੀਪੀਸੀ ਨੂੰ ਸੋਚਣਾ ਚਾਹੀਦਾ ਹੈ ਕਿ ਆਖ਼ਰ ਲੋਕ ਇਸਾਈ ਧਰਮ ਵੱਲ ਕਿਉਂ ਝੁਕ ਰਹੇ ਹਨ।


ਗੁਰਜੀਤ ਔਜਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੈਸਾ ਮਨੁੱਖਤਾ ਦੀ ਸੇਵਾ ਤੇ ਧਰਮ ਪ੍ਰਚਾਰ ਤੇ ਖ਼ਰਚ ਕਰਨਾ ਚਾਹੀਦਾ ਸੀ ਉਹ ਪੈਸੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫ਼ਾਇਦਾ ਪਹੁੰਚਾਉਣ ਲਈ ਖ਼ਰਚ ਕੀਤਾ ਗਿਆ। ਅਕਾਲੀ ਦਲ ਦੀਆਂ ਰੈਲੀਆਂ ਅੰਦਰ ਲੰਗਰ ਤੱਕ ਐੱਸਜੀਪੀਸੀ ਵੱਲੋਂ ਭੇਜਿਆ ਗਿਆ। ਦੂਜੇ ਪਾਸੇ ਇਸਾਈ ਧਰਮ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੇ ਚਲਦੇ ਪਿੰਡਾਂ ਦੇ ਗ਼ਰੀਬ ਪਰਿਵਾਰ ਉਸ ਵੱਲ ਝੁਕ ਰਹੇ ਹਨ।


ਹਾਲਾਂਕਿ ਇਸ ਮੌਕੇ ਔਜਲਾ ਨੇ ਕੇਂਦਰ 'ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਕੇਂਦਰ ਸਰਕਾਰ ਧਰਮ ਦੀ ਰਾਜਨੀਤੀ ਕਰਦੀ ਹੈ, ਇਹ ਉਨ੍ਹਾਂ ਦਾ ਤਰੀਕਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪਿੰਡ ਡੱਡੂਆਣਾ ਮਾਮਲੇ ਵਿੱਚ ਦਿੱਤੇ ਗਏ ਬਿਆਨ 'ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਆਨ ਜਾਰੀ ਕਰਦੇ ਹੋਏ ਚੰਗੀ ਸੋਚ ਵੰਡਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਹਥਿਆਰਾਂ ਵਾਲਾ ਬਿਆਨ ਚਰਚਾ ਵਿੱਚ ਰਿਹਾ ਸੀ। ਇਸ ਵੇਲੇ ਨੌਜਵਾਨਾਂ ਵਿੱਚ ਗੁਰਬਾਣੀ ਦਾ ਸੰਚਾਰ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਣ ਦੀ ਜ਼ਰੂਰਤ ਹੈ।