Guru Gobind Singh Jayanti 2022 : ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਸਾਹਿਬ-ਏ-ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਪੁਰਬ ਭਾਰਤ ਵਿੱਚ ਕੱਲ੍ਹ 29 ਦਸੰਬਰ ਨੂੰ ਮਨਾਇਆ ਗਿਆ ਪਰ ਪਾਕਿਸਤਾਨ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਮਨਾਇਆ ਜਾਵੇਗਾ। ਸਿੱਖ ਪੰਥ ਵਿੱਚ ਇਸ ਬਾਰੇ ਅਜੇ ਵੀ ਦੁਬਿਧਾ ਬਣੀ ਹੋਈ ਹੈ। 


ਦੱਸ ਦਈਏ ਕਿ ਸਾਲ 2010 ਵਿੱਚ ਜਦੋਂ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੀ ਗਈ ਹੈ, ਗੁਰਪੁਰਬ ਦੀਆਂ ਦੋ-ਦੋ ਤਰੀਕਾਂ ਨੂੰ ਲੈ ਕੇ ਸੰਗਤ ਵਿੱਚ ਦੁਬਿਧਾ ਬਣੀ ਹੋਈ ਹੈ। ਭਾਰਤ ਅੰਦਰ ਵੀ ਕਈ ਧਿਰਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੀਆਂ ਹਨ। ਇਸ ਬਾਰੇ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। 


ਭਾਰਤ 'ਚ 29 ਦਸੰਬਰ ਨੂੰ ਮਨਾਇਆ ਗਿਆ ਪ੍ਰਕਾਸ਼ ਪੁਰਬ 


ਭਾਰਤ 'ਚ 29 ਦਸੰਬਰ ਨੂੰ ਹੀ ਪ੍ਰਕਾਸ਼ ਪੁਰਬ ਮਨਾਇਆ ਗਿਆ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸੁੰਦਰ ਜਲੌਅ ਵੀ ਸਜਾਏ ਗਏ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। 


ਦਸਮ ਪਾਤਸ਼ਾਹ ਦਾ ਸਾਰਾ ਜੀਵਨ ਹੀ ਮਨੁੱਖਤਾ ਲਈ ਮਾਰਗ ਦਰਸ਼ਨ : ਧਾਮੀ


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਆਖਿਆ ਕਿ ਦਸਮ ਪਾਤਸ਼ਾਹ ਦਾ ਸਾਰਾ ਜੀਵਨ ਹੀ ਮਨੁੱਖਤਾ ਲਈ ਮਾਰਗ ਦਰਸ਼ਨ ਹੈ। ਗੁਰੂ ਸਾਹਿਬ ਇੱਕ ਕ੍ਰਾਂਤੀਕਾਰੀ ਰਹਿਬਰ ਸਨ, ਜਿਨ੍ਹਾਂ ਨੇ ਮਨੁੱਖਤਾ ਅੰਦਰ ਜਬਰ-ਜ਼ੁਲਮ ਵਿਰੁੱਧ ਡਟਣ ਦਾ ਜਜ਼ਬਾ ਤੇ ਸਾਹਸ ਪੈਦਾ ਕੀਤਾ। ਮੌਜੂਦਾ ਸਮੇਂ ਫੈਲੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਸੰਗਤ ਨੂੰ ਸੱਦਾ ਦਿੰਦਿਆਂ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਅਤੇ ਬੱਚਿਆਂ ਨੂੰ ਦਸਵੇਂ ਪਾਤਸ਼ਾਹੀ ਦੇ ਜੀਵਨ ਇਤਿਹਾਸ ਤੋਂ ਸੇਧ ਲੈਣ ਦੀ ਅਪੀਲ ਕੀਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।