ਅੰਮ੍ਰਿਤਸਰ: ਦੇਸ਼ ਤੇ ਵਿਦੇਸ਼ਾਂ ਵਿੱਚ ਅੱਜ ਪ੍ਰਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਖੰਡ ਪਾਠ ਦੇ ਭੋਗ ਪਾਏ ਜਾਣਗੇ।
ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਜਾਣਗੇ ਤੇ ਇਸ ਮੌਕੇ ਬੇਸ਼ਕੀਮਤੀ ਪੁਰਾਤਨ ਵਸਤਾਂ ਸੰਗਤ ਦਰਸ਼ਨ ਲਈ ਰੱਖੀਆਂ ਜਾਣਗੀਆਂ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸਾਰਾ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਗੁਰਮਤਿ ਸਮਾਗਮ ਚੱਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟਰ ਹੈਂਡਲ ਅਤੇ ਫੇਸਬੁੱਕ 'ਤੇ ਸਵੇਰੇ 9 ਵਜੇ ਤੱਕ ਪ੍ਰਕਾਸ਼ ਪੁਰਬ ਸਬੰਧੀ ਕੋਈ ਵਧਾਈ ਦਾ ਸੰਦੇਸ਼ ਨਹੀਂ ਸਾਂਝਾ ਕੀਤਾ ਗਿਆ।
ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ - ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ॥
ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
ਗੁਰੂ ਜੀ ਦੀ ਰਚਿਤ ਬਾਣੀ ਮਾਨਵਤਾ ਲਈ ਮਾਰਗਦਰਸ਼ਕ ਹੈ। ਆਪ ਜੀ ਨੇ ਸਮੁੱਚੀ ਲੋਕਾਈ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ। ਆਉ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਧਾਰਨ ਕਰਕੇ ਸੱਚੇ ਸੁੱਚੇ ਅਧਿਆਤਮਵਾਦੀ, ਸਮਾਜਵਾਦੀ, ਕੁਦਰਤਵਾਦੀ ਸਿੱਖ ਦਾ ਜੀਵਨ ਜਿਉਣ ਦਾ ਸੰਕਲਪ ਅਤੇ ਪ੍ਰਣ ਕਰੀਏ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖਿਆ - ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।
ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਸਮੁੱਚੇ ਜਗਤ ਨੂੰ ਸੱਚ ਦਾ ਸੰਦੇਸ਼ ਦੇਣ ਲਈ ਚਾਰ ਉਦਾਸੀਆਂ ਕਰਨ ਵਾਲੇ ਸਿੱਖ ਧਰਮ ਦੇ ਬਾਨੀ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ।
ਆਓ ਆਪਾਂ ਗੁਰੂ ਸਾਹਿਬ ਦੇ ਦਿਖਾਏ ਰਸਤੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਫ਼ਲਸਫ਼ੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫ਼ਲ ਬਣਾਈਏ।