ਚੰਡੀਗੜ੍ਹ: ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 4 ਸਤੰਬਰ ਤੋਂ ਅਰੰਭ ਹੋ ਰਹੀ ਹੈ। ਇਹ ਕੋਰੋਨਾ ਮਹਾਮਾਰੀ ਕਾਰਨ ਤਿੰਨ ਮਹੀਨੇ ਪੱਛੜ ਕੇ ਸ਼ੁਰੂ ਹੋ ਰਹੀ ਹੈ। ਯਾਤਰਾ ਲਗਪਗ ਇੱਕ ਮਹੀਨਾ ਚੱਲੇਗੀ। ਗੁਰਦੁਆਰਾ ਗੋਬਿੰਦਘਾਟ ਵਿਖੇ ਮੰਗਲਵਾਰ ਨੂੰ ਅਖੰਡ ਪਾਠ ਅਰੰਭ ਕੀਤੇ ਗਏ ਹਨ।


ਪ੍ਰਬੰਧਕਾਂ ਨੇ ਦੱਸਿਆ ਕਿ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਸਵੇਰੇ ਚਾਰ ਸਤੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਥਕ ਰਵਾਇਤਾਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਯਾਤਰਾ ਦੀ ਸ਼ੁਰੂਆਤ ਵਾਸਤੇ ਹੇਮਕੁੰਟ ਸਾਹਿਬ ਟਰਸੱਟ ਵਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਤਹਿਤ ਹਰਿਦੁਆਰ ਤੋਂ ਲੈ ਕੇ ਹੇਮਕੁੰਟ ਸਾਹਿਬ ਤਕ ਸੱਤ ਗੁਰਦੁਆਰਿਆਂ ਵਿੱਚ ਲੋੜੀਂਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਸੰਗਤ ਦੀ ਰਿਹਾਇਸ਼ ਅਤੇ ਲੰਗਰ ਸਮੇਤ ਹੋਰ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ।

ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ਲਈ ਅੱਜ ਅਖੰਡ ਪਾਠ ਅਰੰਭ ਕੀਤੇ ਹਨ, ਜਿਸ ਦੇ ਭੋਗ ਤਿੰਨ ਸਤੰਬਰ ਨੂੰ ਪੈਣਗੇ ਤੇ 200 ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਗੋਬਿੰਦ ਧਾਮ ਵਾਸਤੇ ਰਵਾਨਾ ਹੋਵੇਗਾ, ਜੋ ਅਗਲੇ ਦਿਨ ਚਾਰ ਸਤੰਬਰ ਨੂੰ ਗੋਬਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜੇਗਾ।

ਯਾਤਰਾ ’ਤੇ ਆਉਣ ਵਾਲੇ ਹਰੇਕ ਸ਼ਰਧਾਲੂ ਕੋਲ ਕਰੋਨਾ ਟੈਸਟ ਆਰਟੀ -ਟੀਸੀਆਰ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। 72 ਘੰਟੇ ਪਹਿਲਾਂ ਕਰਵਾਏ ਗਏ ਇਸ ਟੈਸਟ ਦੀ ਰਿਪੋਰਟ ਨੂੰ ‘ਸਮਾਰਟ ਸਿਟੀ ਦੇਹਰਾਦੂਨ’ ਦੀ ਵੈੱਬਸਾਈਟ ’ਤੇ ਪਾ ਕੇ ‘ਈ-ਪਾਸ ’ ਲੈਣਾ ਜ਼ਰੂਰੀ ਹੈ, ਜਿਸ ਵਿੱਚ ਵਾਹਨ ਦੀ ਰਜਿਸਟਰੇਸ਼ਨ ਅਤੇ ਸ਼ਰਧਾਲੂਆਂ ਦੀ ਗਿਣਤੀ ਵੀ ਦਰਜ ਹੋਵੇਗੀ।

ਉੱਤਰਾਖੰਡ ਸਰਕਾਰ ਵੱਲੋਂ ਇਸ ਯਾਤਰਾ ਵਾਸਤੇ ਇੱਕ ਦਿਨ ਵਿੱਚ ਸਿਰਫ 200 ਯਾਤਰੂਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਕਰੋਨਾ ਸਬੰਧੀ ਟੈਸਟ ਦੀ ਨੈਗੇਟਿਵ ਰਿਪੋਰਟ ਤੇ ਬਿਨਾਂ ਪ੍ਰਵਾਨਗੀ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਇੱਥੇ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਇਸ ਲਈ ਬਿਨਾਂ ਪ੍ਰਵਾਨਗੀ ਕੋਈ ਸ਼ਰਧਾਲੂ ਨਾ ਆਵੇ।