ਚੰਡੀਗੜ੍ਹ: ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਨੂੰ 10 ਅਕਤੂਬਰ ਤੋਂ ਬ੍ਰੇਕ ਲੱਗ ਜਾਵੇਗੀ। ਉਸ ਵੇਲੇ ਯਾਤਰਾ ਦੀ ਸਮਾਪਤੀ ਦੀ ਅਰਦਾਸ ਹੋਵੇਗੀ ਤੇ ਗੁਰਦੁਆਰੇ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਇਸ ਵਾਰ ਹੇਮਕੁੰਟ ਸਾਹਿਬ ਦੀ ਯਾਤਰਾ ਵਧੇਰੇ ਬਰਫ ਪੈਣ ਕਾਰਨ ਲਗਪਗ ਹਫਤਾ ਪੱਛੜ ਕੇ ਇੱਕ ਜੂਨ ਨੂੰ ਸ਼ੁਰੂ ਹੋਈ ਸੀ ਜੋ ਹੁਣ 10 ਅਕਤੂਬਰ ਨੂੰ ਸਮਾਪਤ ਹੋਵੇਗੀ। ਇਸ ਵਰ੍ਹੇ ਢਾਈ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਉੱਤਰਾਖੰਡ ਦੇ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ। ਯਾਤਰਾ ਦੇ ਆਖਰੀ ਪੜਾਅ ਵਿੱਚ ਗੋਬਿੰਦ ਘਾਟ ਵਿਖੇ ਬੱਦਲ ਫਟਣ ਕਾਰਨ ਹੜ੍ਹ ਆ ਗਿਆ ਸੀ। ਕੁਝ ਵਾਹਨਾਂ ਨੂੰ ਨੁਕਸਾਨ ਹੋਇਆ ਸੀ ਪਰ ਯਾਤਰਾ ਜਾਰੀ ਰਹੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਆਗੂ ਨਰਿੰਦਰਪਾਲ ਸਿੰਘ ਬਿੰਦਰਾ ਨੇ ਦੱਸਿਆ ਕਿ ਸਾਲਾਨਾ ਯਾਤਰਾ ਦੀ ਸਮਾਪਤੀ 10 ਅਕਤੂਬਰ ਨੂੰ ਹੋਵੇਗੀ। ਸਮਾਪਤੀ ਮਗਰੋਂ ਗੁਰਦੁਆਰਾ ਗੋਬਿੰਦਧਾਮ ਕੁਝ ਦਿਨਾਂ ਬਾਅਦ ਬੰਦ ਕਰ ਦਿੱਤਾ ਜਾਵੇਗਾ। ਕਾਬਲੇਗੌਰ ਹੈ ਕਿ 2013 ਵਿੱਚ ਉੱਤਰਾਖੰਡ ਵਿੱਚ ਆਈ ਕੁਦਰਤੀ ਆਫਤ ਕਾਰਨ ਸੂਬੇ ਵਿੱਚ ਭਾਰੀ ਨੁਕਸਾਨ ਹੋਇਆ ਸੀ। ਸ੍ਰੀ ਹੇਮਕੁੰਟ ਸਾਹਿਬ ਸਮੇਤ ਬਾਕੀ ਚਾਰ ਧਾਮਾਂ ਦੀ ਯਾਤਰਾ ਵੀ ਵਿਚਾਲੇ ਸਮਾਪਤ ਹੋ ਗਈ ਸੀ।