Hola Mohalla 2023: ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਲਈ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ। ਇਸ ਵਾਰ ਸੰਗਤਾਂ ਵਿੱਚ ਵੱਡਾ ਉਸਸ਼ਾਹ ਹੈ। ਵੱਡੀ ਗਿਣਤੀ ਸੰਗਤਾਂ ਵੱਖ-ਵੱਖ ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ। ਦੇਸ਼ਾਂ-ਵਿਦੇਸ਼ਾਂ ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਸੰਗਤ ਟਰੈਕਟਰ ਟਰਾਲੀਆਂ, ਟਰੱਕਾਂ, ਸਕੂਟਰਾਂ ਤੇ ਮੋਟਰਸਾਈਕਲਾਂ ਆਦਿ ’ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਪੁੱਜ ਰਹੀ ਹੈ। 



ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਹੁੰਚ ਰਹੀ ਸੰਗਤ ਕੇਸਰੀ ਰੰਗ ਦੇ ਝੰਡਿਆਂ ਨਾਲ ਸਜੇ ਆਪਣੇ ਵਾਹਨਾਂ ਨਾਲ ਖਾਲਸਾਈ ਰੰਗਤ ਵਿੱਚ ਰੰਗੀ ਹੋਈ ਹੈ। ਕੀਰਤਪੁਰ ਸਾਹਿਬ ਦੇ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਤੀਰ ਸਾਹਿਬ, ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਤੇ ਦਰਗਾਹ ਬਾਬਾ ਬੁੱਢਣ ਸ਼ਾਹ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।


ਪੁਲਿਸ ਪ੍ਰਸ਼ਾਸਨ ਨੇ ਸੰਗਤ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਪਿਛਲੀ ਵਾਰ ਨਾਲੋਂ ਇਸ ਵਾਰ ਵਧੇਰੇ ਸੰਗਤ ਦੇ ਆਉਣ ਦੀ ਸੰਭਾਵਨਾ ਤਹਿਤ ਤਿਆਰੀਆਂ ਕੀਤੀਆਂ ਗਈਆਂ ਹਨ। ਸਰੋਵਰ, ਗੁਰਦੁਆਰਿਆਂ ਤੇ ਸਰਾਵਾਂ ਨੂੰ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਕਾਰ ਸੇਵਾ ਵਾਲਿਆਂ ਨੇ ਰੰਗ ਰੋਗਨ ਦੀ ਸੇਵਾ ਕੀਤੀ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਵਿਸ਼ੇਸ਼ ਸਟਾਲ ਲਗਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇੱਕ ਕਿਊਆਰ ਕੋਡ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਦੋ ਹੈਲਪ ਲਾਈਨ ਨੰਬਰ ਵੀ ਕਾਰਜਸ਼ੀਲ ਰੱਖੇ ਗਏ ਹਨ।



ਉਧਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਨਿਹੰਗ ਸਿੰਘਾਂ ਤੇ ਸੰਗਤ ਦੇ ਸਹਿਯੋਗ ਨਾਲ 6, 7 ਤੇ 8 ਮਾਰਚ ਨੂੰ ਹੋਲਾ-ਮਹੱਲਾ ਪੂਰੇ ਖ਼ਾਲਸਾਈ ਜਲਾਲ ਨਾਲ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਮਨਾਇਆ ਜਾਵੇਗਾ। ਉਨ੍ਹਾਂ ਸੰਗਤ ਨੂੰ ਹੋਲਾ ਮਹੱਲਾ ਦਾ ਤਿਉਹਾਰ ਮਨਾਉਣ ਲਈ ਵੱਧ ਚੜ੍ਹ ਕੇ ਪਹੁੰਚਣ ਲਈ ਕਿਹਾ। 


ਇਸ ਬਾਰੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਅੱਠ ਮਾਰਚ ਨੂੰ ਨਿਹੰਗ ਸਿੰਘਾਂ ਦੇ ਸਹਿਯੋਗ ਨਾਲ ਛਾਉਣੀ ਗੁਰੂ ਕਾ ਬਾਗ਼ ਬੁੱਢਾ ਦਲ ਤੋਂ ਨਿਸ਼ਾਨ ਨਗਾਰਿਆਂ ਦੀ ਛਤਰ ਛਾਇਆ ਹੇਠ ਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਮਹੱਲਾ ਕੱਢਿਆ ਜਾਵੇਗਾ।