Hola Mohalla 2022: ਸਿੱਖਾਂ ਦੀ ਚੜ੍ਹਦੀ ਕਲਾ ਅਤੇ ਖ਼ਾਲਸਾਈ  ਜਾਹੋ ਜਲਾਲ ਦਾ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲਾ ਦਾ ਕਿਲਾ ਆਨੰਦਗੜ੍ਹ ਸਾਹਿਬ 'ਚ ਆਗਾਜ਼ ਹੋ ਚੁੱਕਿਆ ਹੈ। ਪੁਰਾਤਨ ਨਗਾਰਿਆਂ ਦੀ ਚੋਟ ਤੇ ਜੈਕਾਰਿਆਂ ਦੀ ਗੂੰਜ ਦੇ ਨਾਲ ਦੇਰ ਰਾਤ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ।



ਦੱਸ ਦਈਏ ਕਿ 14 ਮਾਰਚ ਤੋਂ ਲੈ ਕੇ 19 ਮਾਰਚ ਤਕ ਹੋਲਾ ਮਹੱਲਾ ਕੀਰਤਪੁਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣਾ ਹੈ ਤੇ ਪੁਰਾਤਨ ਰਵਾਇਤ ਅਨੁਸਾਰ 14 ਮਾਰਚ ਨੂੰ ਤਕਰੀਬਨ ਰਾਤ ਇੱਕ ਵਜੇ ਦੇ ਕਰੀਬ ਗੁਰਮਤਿ ਸਮਾਗਮ ਦੀ ਸਮਾਪਤੀ ਉਪਰੰਤ ਪੁਰਾਤਨ ਨਗਾਰਿਆਂ ਦੀ ਚੋਟ ਤੇ ਨਾਲ ਹੋਲਾ ਮਹੱਲਾ ਦਾ ਰਸਮੀ ਆਗਾਜ਼ ਹੋਇਆ।

ਜੇਕਰ ਸਮਾਗਮਾਂ ਦੀ ਗੱਲ ਕੀਤੀ ਜਾਵੇ ਤਾਂ 14 ਮਾਰਚ ਯਾਨੀ ਅੱਜ ਤੋਂ ਨੂੰ ਕੀਰਤਪੁਰ ਸਾਹਿਬ ਦੇ ਵੱਖ ਵੱਖ ਗੁਰੂਘਰਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਦੇ ਭੋਗ  16 ਮਾਰਚ ਨੂੰ ਪਾਏ ਜਾਣਗੇ। ਇਸ ਉਪਰੰਤ ਹੋਲਾ ਮਹੱਲਾ ਦਾ ਦੂਜਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਵੇਗਾ ਜਿੱਥੇ 17 ਮਾਰਚ ਤੋਂ ਲੈ ਕੇ  19 ਮਾਰਚ ਤਕ ਵੱਖ ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮ ਚੱਲਣਗੇ ਉੱਥੇ ਸੰਗਤਾਂ ਦਾ ਵੱਡਾ ਇਕੱਠ ਇਨ੍ਹਾਂ ਤਿੰਨ ਦਿਨਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲਦਾ ਹੈ।  

ਹੋਲਾ ਮਹੱਲਾ ਦੇ ਰਸਮੀ ਆਗਾਜ਼ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਜਿਥੇ ਹੋਲਾ ਮਹੱਲਾ ਦੇ ਆਗਾਜ਼ ਮੌਕੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਉਥੇ ਉਨ੍ਹਾਂ ਸੰਗਤ ਨੂੰ ਹੋਲਾ ਮਹੱਲਾ ਦੇ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ।

ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤੇ ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸੰਗਤਾਂ ਹੋਲਾ ਮਹੱਲਾ ਵੱਧ ਚਡ਼੍ਹ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜਣ ਅਤੇ ਗੁਰੂ ਘਰਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਜਾਣ।