ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਾਣ ਦੀ ਔਖੀ ਪ੍ਰਕ੍ਰਿਆ ਤੇ ਸ਼ਰਤਾਂ ਕਰਕੇ ਸੰਗਤਾਂ ਵਿੱਚ ਰੋਸ ਹੈ। ਇਸ ਕਰਕੇ ਬਹੁਤ ਘੱਟ ਸਿੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਹਨ। ਹੁਣ ਇਸ ਮਸਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਮੁੜ ਮੀਟਿੰਗ ਹੋ ਰਹੀ ਹੈ।

ਸੂਤਰਾਂ ਮੁਤਾਬਕ ਦੋਵਾਂ ਮੁਲਕਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਹੋਰ ਵਿਚਾਰ-ਚਰਚਾ ਕਰਨ ਲਈ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਪਾਸਪੋਰਟ ਦੀ ਸ਼ਰਤ ਖਤਮ ਕਰਨ ਤੇ 20 ਡਾਲਰ ਫੀਸ ਮਾਫ ਕਰਨ ਬਾਰੇ ਵਿਚਾਰ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਜਾ ਸਕਦੀ ਹੈ। 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਵਾਲੀ ਸ਼ਰਤ ਵੀ ਬਦਲੀ ਜਾ ਸਕਦੀ ਹੈ।

ਕਾਬਲੇਗੌਰ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਾਣ ਲਈ ਪਾਸਪੋਰਟ ਜ਼ਰੂਰੀ ਹੋਣਾ ਤੇ 20 ਡਾਲਰ ਫੀਸ ਵਰਗੀਆਂ ਰਜਿਸਟ੍ਰੇਸ਼ਨ ਕਰਕੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਘੱਟ ਸੰਗਤ ਜਾ ਸਕੀ ਹੈ। ਪਾਕਿਸਤਾਨ ਨੇ ਰੋਜ਼ਾਨਾ 5000 ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ ਪਰ ਸੈਂਕੜਿਆਂ ਦੇ ਹਿਸਾਬ ਨਾਲ ਹੀ ਸ਼ਰਧਾਲੂ ਪੁੱਜ ਰਹੇ ਹਨ।

ਹਾਸਲ ਜਾਣਕਾਰੀ ਮੁਤਾਬ ਪਹਿਲੇ ਹਫਤੇ ਮਹਿਜ਼ 2542 ਸ਼ਰਧਾਲੂ ਹੀ ਕਰਤਾਰਪੁਰ ਲਾਂਘੇ ਰਾਹੀਂ ਗਏ। 9 ਨਵੰਬਰ ਨੂੰ ਉਦਘਾਟਨ ਵਾਲੇ ਦਿਨ 562 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ। 10 ਨਵੰਬਰ ਨੂੰ 229, 11 ਨਵੰਬਰ ਨੂੰ 122, 12 ਨਵੰਬਰ ਨੂੰ 546, 13 ਨਵੰਬਰ ਨੂੰ 279, 14 ਨਵੰਬਰ ਨੂੰ 241, 15 ਨਵੰਬਰ ਨੂੰ 161 ਤੇ 16 ਨਵੰਬਰ ਨੂੰ 402 ਸ਼ਰਧਾਲੂਆਂ ਨੇ ਲਾਂਘੇ ਦੀ ਵਰਤੋਂ ਕੀਤੀ।

ਆਨਲਾਈਨ ਰਜਿਸਟਰੇਸ਼ਨ ਬਾਰੇ ਜਾਗਰੂਕਤਾ ਦੀ ਘਾਟ, ਪਾਸਪੋਰਟ ਲਾਜ਼ਮੀ ਹੋਣ ਤੇ ਪਾਕਿ ਵੱਲੋਂ ਲਾਈ ਜਾ ਰਹੀ ਸੇਵਾ ਫ਼ੀਸ ਕਰਕੇ ਸ਼ਰਧਾਲੂ ਨਿਰਾਸ਼ ਹਨ। ਸੂਤਰਾਂ ਮੁਤਾਬਕ ਪਿੰਡਾਂ ਦੇ ਬਹੁਤੇ ਲੋਕਾਂ ਨੂੰ ਆਨਲਾਈਨ ਰਜਿਸਟਰੇਸ਼ਨ ਦੀ ਬਹੁਤੀ ਜਾਣਕਾਰੀ ਨਹੀਂ। ਇਸ ਤੋਂ ਇਲਾਵਾ ਬਜ਼ੁਰਗਾਂ ਕੋਲ ਪਾਸਪੋਰਟ ਵੀ ਨਹੀਂ ਹਨ। ਇਸ ਦੇ ਬਾਵਜੂਦ ਲੋਕ ਪਹੁੰਚ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ।