Sri Guru Harkrishan Sahib Ji Prakash Purb: ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੀਨ ਦੁਨੀਆ ਦੇ ਵਾਲੀ ਧੰਨ-ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ।


ਧੰਨ-ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਅਜਿਹੀ ਮਹਾਨ ਪਾਵਨ ਪਵਿੱਤਰ ਹਸਤੀ ਸਨ ਜਿਨ੍ਹਾਂ ਦਾ ਹਿਰਦਾ ਬਹੁਤ ਕੋਮਲ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੀ ਬਖਸ਼ੀਸ਼ ਕੀਤੀ। ਇਨ੍ਹਾਂ ਦੇ ਕੋਮਲ ਹਿਰਦੇ ਨੂੰ ਵੇਖਦਿਆਂ, ਭਜਨ ਬੰਦਗੀ ਤੇ ਸੇਵਾ ਸਿਮਰਨ ਦੇ ਪ੍ਰਤਾਪ ਨੂੰ ਵੇਖਦਿਆਂ ਇਨ੍ਹਾਂ 'ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਸੀ।


ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਬਖਸ਼ਿਸ਼ ਦੇ ਨਾਲ ਆਪਣੇ ਚਿਤੂਨਾਮੇ ਸਿੱਖ ਨੂੰ ਬਹੁਤ ਵੱਡੇ ਵਿਦਵਾਨ ਬਣਾ ਕੇ ਪੰਡਿਤ ਦੇ ਹੰਕਾਰ ਨੂੰ ਤੋੜਿਆ ਸੀ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਨ ਉਪਦੇਸ਼ ਅੱਜ ਵੀ ਸਾਰਥਿਕ ਹੈ ਅਤੇ ਜੁਗਾਂ-ਜੁਗਾਂ ਤੱਕ ਸਾਰਥਕ ਰਹਿਣਾ ਹੈ।


ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਕਿਸ ਤਰ੍ਹਾਂ ਸੰਸਾਰ ਦੇ ਅੰਦਰ ਨਿਰਭੈਤਾ ਦੇ ਨਾਲ ਵਿਚਰਨਾ, ਰੱਬੀ ਭੈ ਦੇ ਵਿੱਚ ਵਿਚਰਨਾ, ਦੁਨੀਆ ਵੱਲੋਂ ਸੰਸਾਰ ਵੱਲੋਂ ਪਹਿਰਤ ਹੋਣਾ ਤੇ ਉਸ ਅਕਾਲ ਪੁਰਖ ਦੇ ਭੈ ਦੇ ਵਿੱਚ ਵਿਚਰਦਿਆਂ ਆਪਣਾ ਜੀਵਨ ਕਿਵੇਂ ਜਿਉਣਾ ਹੈ।


ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਆਪਣੇ ਮੁਖਾਰਬਿੰਦ ਤੋਂ ਸਿੱਖਾਂ ਸੇਵਕਾਂ ਨੂੰ ਮਹਾਨ ਉਪਦੇਸ਼ ਦਿਆ ਕਰਦੇ ਸਨ, ਉੱਥੇ ਉਹਨਾਂ ਦੇ ਦੁੱਖ ਦਰਦ ਨੂੰ ਸਮਝਣਾ ਉਹਨਾਂ ਦੇ ਦੁੱਖਾਂ ਦਰਦਾਂ ਦੇ ਵਿੱਚ ਸਹਾਈ ਹੋਣਾ ਇਹਨਾਂ ਦਾ ਮੁੱਢਲ ਉਦੇਸ਼ ਸੀ।


ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਾਣੀ ਅਤੇ ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ। ਇਸ ਤੋਂ ਬਾਅਦ ਦਿੱਲੀ ਵਿੱਚ ਵੀ ਜਾ ਕੇ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਇੱਕ ਅਕਾਲ ਪੁਰਖ ਨਾਲ ਜੁੜਨ ਦੇ ਲਈ ਨਾਮ ਬਾਣੀ ਨਾਲ ਜੋੜਨ ਦੇ ਲਈ ਆਪਣੇ ਮੁਖਾਰਬਿੰਦ ਤੋਂ ਮਹਾਨ ਬੋਲ ਬੋਲੇ। ਆਖਰ ਦਿੱਲੀ ਦੇ ਵਿੱਚ ਹੀ 1664 ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਜੋਤੀ ਜੋਤਿ ਸਮਾ ਗਏ।