ਪਰਮਜੀਤ ਸਿੰਘ


ਚੰਡੀਗੜ੍ਹ: ਸਿੱਖ ਭਾਈਚਾਰੇ ਨਾਲ ਸਬੰਧਤ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੀ 9ਵੀਂ ਸਾਲਾਨਾ ਸੂਚੀ ਯੂਕੇ ਤੋਂ 'ਦ ਸਿੱਖ ਗਰੁੱਪ' ਵੱਲੋਂ ਜਾਰੀ ਕੀਤੀ ਗਈ। ਇਸ ਸੂਚੀ ਵਿੱਚ ਇਸ ਵਾਰ ਨਿਹੰਗ ਸਿੰਘਾਂ ਨੂੰ ਵੀ ਵਿਸ਼ੇਸ਼ ਸਥਾਨ ਪ੍ਰਾਪਤ ਹੋਇਆ ਹੈ। ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਦਾ ਨਾਂ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬਾਬਾ ਬਲਬੀਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਜਥੇਦਾਰ ਹਨ। ਉਨ੍ਹਾਂ ਵੱਲੋਂ ਸਮੁਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਆਗਵਾਈ ਕੀਤੀ ਜਾਂਦੀ ਹੈ। ਪੰਜਾਬ ਸਮੇਤ ਵੱਖ-ਵੱਖ ਰਾਜਾਂ ਵਿੱਚ ਬੁੱਢਾ ਦਲ ਦੀਆਂ ਅਨੇਕਾਂ ਹੀ ਇਤਿਹਾਸਕ ਛਾਉਣੀਆਂ ਹਨ। ਸਮੇਂ-ਸਮੇਂ ਤੇ ਪੰਥਕ ਸਰਗਰਮੀਆਂ ਵਿੱਚ ਬੁੱਢਾ ਦਲ ਮੋਹਰੀ ਭੂਮਿਕਾ ਅਦਾ ਕਰਦਾ ਹੈ।

'ਦ ਸਿੱਖ ਗਰੁੱਪ' ਨੇ ਕਿਹਾ ਕਿ ਵਿਸ਼ਵ ਭਰ ਦੇ 2 ਕਰੋੜ 60 ਲੱਖ ਤੋਂ ਵੱਧ ਵੱਸਦੇ ਸਿੱਖਾਂ ਵਿੱਚੋਂ ਉਨ੍ਹਾਂ 100 ਸ਼ਖਸੀਅਤਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਨੂੰ ਸਿੱਖ ਧਰਮਿਕ ਆਗੂ ਵਜੋਂ ਅਹਿਮ ਮੰਨਿਆ ਜਾ ਰਿਹਾ ਹੈ। ਜਿਨ੍ਹਾਂ ਨੇ ਸਮਾਜਿਕ, ਸੱਭਿਆਚਾਰਕ, ਕਾਰੋਬਾਰ, ਸਮਾਜ ਸੇਵਾ, ਰਾਜਨੀਤੀ, ਸਿੱਖਿਆ, ਮੀਡੀਆ, ਮਨੋਰੰਜਨ, ਖੇਡਾਂ ਆਦਿ ਵਿੱਚ ਬੁਲੰਦੀਆਂ ਨੂੰ ਛੂਹਦਿਆਂ ਅਹਿਮ ਸਥਾਨ ਹਾਸਲ ਕੀਤਾ ਹੈ।

ਇਸ ਸੂਚੀ ਵਿੱਚ ਪਹਿਲੇ ਸਥਾਨ 'ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਦੂਜੇ ਸਥਾਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਤੀਜੇ ਸਥਾਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਚੌਥੇ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ 5ਵੇਂ ਸਥਾਨ 'ਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ 6ਵੇਂ, ਬਾਬਾ ਇਕਬਾਲ ਸਿੰਘ 7ਵੇਂ, ਭਾਈ ਮਹਿੰਦਰ ਸਿੰਘ ਯੂਕੇ 8ਵੇਂ, ਬਾਬਾ ਸੇਵਾ ਸਿੰਘ 9ਵੇਂ ਅਤੇ ਬਾਬਾ ਕਸ਼ਮੀਰ ਸਿੰਘ 10ਵੇਂ ਸਥਾਨ 'ਤੇ ਹਨ।

ਜਦ ਕਿ ਇਸ ਸੂਚੀ ਵਿਚ ਡਾ. ਮਨਮੋਹਨ ਸਿੰਘ 12ਵੇਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ 13ਵੇਂ, ਹਰਜੀਤ ਸਿੰਘ ਸੱਜਣ 16ਵੇਂ, ਬਰਦੀਸ਼ ਕੌਰ ਚੱਗਰ 17ਵੇਂ, ਸੁਖਬੀਰ ਬਾਦਲ 18ਵੇਂ, ਪ੍ਰਕਾਸ਼ ਸਿੰਘ ਬਾਦਲ 19ਵੇਂ, ਮਨਪ੍ਰੀਤ ਸਿੰਘ ਬਾਦਲ 20ਵੇਂ, ਰਾਣਾ ਗੁਰਮੀਤ ਸਿੰਘ ਸੋਢੀ 21ਵੇਂ, ਮਨਜਿੰਦਰ ਸਿੰਘ ਸਿਰਸਾ 23ਵੇਂ, ਸਤਵੰਤ ਸਿੰਘ 24ਵੇਂ, ਡਾ: ਇੰਦਰਜੀਤ ਕੌਰ 25ਵੇਂ, ਮਨਜੀਤ ਸਿੰਘ ਜੀਕੇ 28ਵੇਂ, ਬਾਪੂ ਸੂਰਤ ਸਿੰਘ 29ਵੇਂ, ਨਵਜੋਤ ਸਿੰਘ ਸਿੱਧੂ 30ਵੇਂ ਸਥਾਨ ਤੇ ਹਨ।

ਇਸ ਤਰ੍ਹਾਂ ਜਗਮੀਤ ਸਿੰਘ 37ਵੇਂ, ਦਵਿੰਦਰ ਸਿੰਘ ਬੱਲ 43ਵੇਂ, ਅਮਰੀਕ ਸਿੰਘ ਕੂਨਰ 44ਵੇਂ, ਮਿਲਖਾ ਸਿੰਘ 52ਵੇਂ, ਲਾਰਡ ਇੰਦਰਜੀਤ ਸਿੰਘ 55ਵੇਂ, ਲਾਰਡ ਰੰਮੀ ਰੇਂਜ਼ਰ 56ਵੇਂ, ਹਰਵਿੰਦਰ ਸਿੰਘ ਫੂਲਕਾ 61ਵੇਂ, ਦਲਜੀਤ ਸਿੰਘ ਦੋਸਾਂਝ 62ਵੇਂ, ਸੁਰਿੰਦਰ ਸਿੰਘ ਉਬਰਾਏ 64ਵੇਂ, ਦੀਦਾਰ ਸਿੰਘ ਬੈਂਸ 66ਵੇਂ, ਤਰਲੋਚਨ ਸਿੰਘ 67ਵੇਂ, ਰਵੀ ਸਿੰਘ (ਖਾਲਸਾ ਏਡ) 73ਵੇਂ, ਡਾ: ਅਨਾਰਕਲੀ ਕੌਰ ਅਫਗਾਨਿਸਤਾਨ 89ਵੇਂ, ਗੁਰਿੰਦਰ ਕੌਰ ਚੱਢਾ 90 ਵੇਂ ਸਥਾਨ 'ਤੇ ਹਨ।