ਪਰਮਜੀਤ ਸਿੰਘ ਦੀ ਰਿਪੋਰਟ


 
Maharaja Ranjit Singh: 18ਵੀਂ ਸਦੀ ਦਾ ਸਿੱਖ ਇਤਿਹਾਸ, ਸੰਘਰਸ਼ ਦੀ ਜੱਦੋ-ਜਹਿਦ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਸਮਾਂ ਹਿੰਦੂਸਤਾਨ ਵਿੱਚ ਮੁਗਲ ਸ਼ਾਸ਼ਨ ਦੇ ਅੰਤ ਤੇ ਸਿੱਖ ਰਾਜ ਦੇ ਸਥਾਪਤ ਹੋਣ ਦਾ ਹੈ। ਸਿੱਖ ਰਾਜ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਹਿੱਤ ਇਤਿਹਾਸ ਦੀ ਇਸ ਮੰਗ ਨੂੰ ਸ਼ੇਰ-ਏ-ਪੰਜਾਬ ਮਾਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ।

ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪ੍ਰਤਾਪ ਚਮਕਦੇ ਸੂਰਜ ਵਾਂਗ ਸੀ। ਉਨ੍ਹਾਂ ਦੀ ਸ਼ਕਤੀ ਅਟਕ ਦੇ ਅੱਥਰੇਪਨ ਨੂੰ ਅਟਕਾਉਣ ਦੇ ਸਮਰੱਥ ਸੀ। ਉਨ੍ਹਾਂ ਦੀ ਤੇਗ ਦੀ ਤਿੱਖੀ ਧਾਰ ਅੱਗੇ ਕਾਬਲ ਕੰਧਾਰ ਦੇ ਜ਼ਾਲਮ ਪਠਾਣਾਂ ਨੇ ਸਿਰ ਨਿਵਾ ਦਿੱਤੇ। ਫਤਹਿ ਸਦਾ ਉਨ੍ਹਾਂ ਦੇ ਪੈਰ ਚੁੰਮਦੀ ਸੀ। ਮਾਹਾਰਾਜਾ ਰਣਜੀਤ ਸਿੰਘ ਨੇ 1799 ਈਸਵੀ ਵਿੱਚ ਲਾਹੌਰ 'ਤੇ ਕਬਜ਼ਾ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਤ ਕੀਤਾ ਤੇ ਰਾਜ ਨੂੰ ਸਰਕਾਰ- ਏ-ਖਾਲਸਾ ਕਿਹਾ ਗਿਆ।

ਸਰਕਾਰ-ਏ-ਖਾਲਸਾ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਕਈ ਹਮਲੇ ਕੀਤੇ ਤੇ ਉਸ ਪਿੱਛੋਂ ਉਸ ਦੇ ਪੁੱਤ ਪੋਤਿਆਂ ਨੇ ਇਹ ਕੰਮ ਜਾਰੀ ਰੱਖਿਆ। ਇੱਥੋਂ ਤੱਕ ਸ਼ਾਹਜਮਾਨ ਨੇ ਸ਼ਾਹੀ ਕਿਲੇ ਲਾਹੌਰ ਵਿੱਚ ਬੈਠਦਿਆਂ ਕਹਿ ਦਿੱਤਾ ਸੀ ਕਿ ਅਫਗਾਨੀ ਘੋੜਿਆਂ ਦੀ ਆਵਾਜ਼ ਸੁਣ ਕੇ ਸਿੰਘ ਨੱਸ ਜਾਂਦੇ ਹਨ ਤਾਂ ਉਸ ਵੇਲੇ 17 ਸਾਲ ਦੇ ਰਣਜੀਤ ਸਿੰਘ ਨੇ ਸ਼ਾਹੀ ਕਿਲੇ ਦੇ ਸਾਹਮਣੇ ਖਲ੍ਹੋ ਕੇ ਲਲਕਾਰ ਕੇ ਆਖਿਆ, ਅਬਦਾਲੀ ਦੇ ਪੋਤਰੇ ਆ ਤੈਨੂੰ ਚੜਤ ਸਿੰਘ ਦਾ ਪੋਤਰਾ ਲਲਕਾਰਦਾ ਏ...ਅਬਦਾਲੀ ਦਾ ਪੋਤਰਾ ਆਇਆ ਜ਼ਰੂਰ ਪਰ ਰਣਜੀਤ ਸਿੰਘ ਦੀ ਸ਼ਰਨ ਵਿੱਚ।  

ਇਤਿਹਾਸ ਗਵਾਹ ਹੈ ਕਿ ਮਾਹਾਰਾਜਾ ਰਣਜੀਤ ਸਿੰਘ ਆਪਣੇ ਦਿਨ ਦੇ ਕੰਮਾਂ-ਕਾਰਾਂ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਕਰਦੇ ਸਨ ਤੇ ਉਨ੍ਹਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਸਿੱਖਾਂ ਦੀ ਗਿਣਤੀ ਸਿਰਫ 8 ਪ੍ਰਤੀਸ਼ਤ ਸੀ ਜਦਕਿ ਬਾਕੀ 92 ਪ੍ਰਤੀਸ਼ਤ ਜਨਤਾ ਹਿੰਦੂ ਜਾਂ ਇਸਲਾਮ ਧਰਮ ਦੀ ਧਾਰਨੀ ਸੀ। ਕੱਟੜਵਾਦ, ਤੰਗਦਿੱਲੀ ਤੋਂ ਮਾਹਾਰਾਜਾ ਕੋਹਾਂ ਦੂਰ ਸਨ।

ਮਾਹਾਰਾਜਾ ਰਣਜੀਤ ਸਿੰਘ ਦੀ ਦੂਰ ਦ੍ਰਿਸ਼ਟੀ, ਤਾਕਤ ਤੇ ਖਾਲਸਾ ਫੌਜ ਤੋਂ ਅੰਗਰੇਜ਼ ਵੀ ਥਰ-ਥਰ ਕੰਬਦੇ ਸਨ। ਇਹੀ ਕਾਰਨ ਸੀ ਕਿ ਮਾਹਾਰਾਜੇ ਦੇ ਜਿਉਂਦੇ ਜੀਅ ਅੰਗਰੇਜ਼ ਸਿੱਖ ਰਾਜ ਨੂੰ ਹਥਿਆਉਣ ਬਾਰੇ ਸੋਚਣ ਦਾ ਹੀਆ ਨਾ ਕਰ ਸਕੇ। ਪੰਜਾਬ ਦੇ ਸੁਨਿਹਰੀ ਯੁੱਗ ਦਾ ਪਤਨ ਜੂਨ 1839 ਈਸਵੀ ਨੂੰ ਮਾਹਾਰਾਜੇ ਦੇ ਅਕਾਲ ਚਲਾਣੇ ਨਾਲ ਹੀ ਸ਼ੁਰੂ ਹੋ ਗਿਆ। ਮਾਹਾਰਾਜੇ ਦਾ ਸਸਕਾਰ ਛੋਟੀ ਰਾਵੀ ਦੇ ਕੰਢੇ ਲਾਹੌਰ ਕਿਲੇ ਦੇ ਬਾਹਰ ਗੁਰਦੁਆਰਾ ਡੇਰਾ ਸਾਹਿਬ ਸਾਹਮਣੇ ਕੀਤਾ ਗਿਆ।

1947 ਦੀ ਹੋਈ ਵੰਡ ਕਾਰਨ ਇਹ ਸਭ ਯਾਦਗਾਰਾਂ ਪੱਛਮੀ ਪੰਜਾਬ ਵਿੱਚ ਰਹਿ ਗਈਆਂ। ਅੱਜ ਵੀ ਉਨ੍ਹਾਂ ਦੀਆਂ ਇਮਾਰਤਾਂ ਤੇ ਨਿਸ਼ਾਨੀਆਂ ਪਾਕਿਸਤਾਨ ਵਿੱਚ ਮੌਜੂਦ ਨੇ ਜਿੱਥੇ ਦੁਨੀਆਂ ਦੇ ਕੋਨੇ ਕੋਨੇ ਤੋਂ ਆ ਕੇ ਲੋਕ ਇਹ ਯਾਦਗਾਰਾ ਨੁੰ ਦੇਖਦੇ ਹਨ। ਅਜਿਹੇ ਮਹਾਨ ਗੁਣਾ ਦੇ ਧਾਰਣੀ ਮਾਹਾਰਾਜਾ ਰਣਜੀਤ ਸਿੰਘ ਦੇ ਉਪਕਾਰਾ ਨੁੰ ਸਿੱਖ ਕੌਮ ਸਦਾ ਯਾਦ ਰੱਖੇਗੀ।