ਚੰਡੀਗੜ੍ਹ: ਉੱਤਰਾਖੰਡ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਜਾਣ ਵਾਲੇ ਹਰ ਸ਼ਰਧਾਲੂ ਨੂੰ ਇਸ ਯਾਤਰਾ ਤੋਂ ਪਹਿਲਾਂ ਉੱਤਰਾਖੰਡ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੋਵੇਗੀ। ਇਸ ਯਾਤਰਾ ਦੌਰਾਨ ਹਰ ਦਿਨ ਸਿਰਫ਼ ਪੰਜ ਹਜ਼ਾਰ ਯਾਤਰੂਆਂ ਨੂੰ ਹੀ ਪ੍ਰਵਾਨਗੀ ਦਿੱਤੀ ਜਾਵੇਗੀ।



ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 19 ਮਈ ਤੋਂ ਸ਼ੁਰੂ ਹੋ ਰਹੀ ਹੈ। ਸ਼ਰਧਾਲੂਆਂ ਦਾ ਪਹਿਲਾ ਜਥਾ 19 ਮਈ ਨੂੰ ਗੁਰਦੁਆਰਾ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਪਹਿਲੇ ਜਥੇ ਨੂੰ ਉਤਰਾਖੰਡ ਦੇ ਰਾਜਪਾਲ ਤੇ ਮੁੱਖ ਮੰਤਰੀ ਰਵਾਨਾ ਕਰਨਗੇ। ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਪਾਟ ਸ਼ਰਧਾਲੂਆਂ ਵਾਸਤੇ 22 ਮਈ ਨੂੰ ਖੋਲ੍ਹੇ ਜਾਣਗੇ।

ਗੁਰਦੁਆਰਾ ਸ੍ਰੀ ਹੇਮਕੁੰਟ ਮੈਨੇਜਮੈਂਟ ਟਰਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉੱਤਰਾਖੰਡ ਸਰਕਾਰ ਵੱਲੋਂ ਇਸ ਯਾਤਰਾ ਲਈ ਸ਼ਰਧਾਲੂਆਂ ਵਾਸਤੇ ਆਨਲਾਈਨ ਤੇ ਆਫਲਾਈਨ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਕੀਤਾ ਗਿਆ ਹੈ। ਯਾਤਰੀ ਉਤਰਾਖੰਡ ਸੈਰ ਸਪਾਟਾ ਵਿਭਾਗ ਦੀ ਵੈੱਬਸਾਈਟ registrationandtouristcare.ukgov.in ਤੇ ਮੋਬਾਈਲ ਐਪਲੀਕੇਸ਼ਨ ‘ourist care uttarakhand’ ਨੂੰ ਡਾਊਨਲੋਡ ਕਰ ਕੇ ਰਜਿਸਟਰੇਸ਼ਨ ਕਰਵਾ ਸਕਣਗੇ।

ਉਨ੍ਹਾਂ ਦੱਸਿਆ ਕਿ ਜੇ ਕਿਸੇ ਸ਼ਰਧਾਲੂ ਦੀ ਆਨਲਾਈਨ ਰਜਿਸਟਰੇਸ਼ਨ ਨਹੀਂ ਹੁੰਦੀ ਤਾਂ ਉਹ ਯਾਤਰਾ ਦੌਰਾਨ ਰਿਸ਼ੀਕੇਸ਼ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਛਮਣ ਝੂਲਾ ਵਿੱਚ ਲੱਗੇ ਕੈਂਪ ਵਿੱਚ ਰਜਿਸਟਰੇਸ਼ਨ ਕਰਵਾ ਸਕੇਗਾ। ਇਸ ਦੌਰਾਨ ਗੁਰਦੁਆਰਾ ਸ੍ਰੀ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਸੰਗਤ ਲਈ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਯਾਤਰੂ ਦੀ ਰਜਿਸਟਰੇਸ਼ਨ ਲਾਜ਼ਮੀ ਹੈ ਤੇ ਯਾਤਰਾ ਲਈ ਈ-ਪਾਸ ਲੈਣਾ ਜ਼ਰੂਰੀ ਹੋਵੇਗਾ।