ਅੰਮ੍ਰਿਤਸਰ: ਤਖ਼ਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕੀਤੇ ਗਏ ਗਿਆਨੀ ਇਕਬਾਲ ਸਿੰਘ ਦੇ ਖੁਲਾਸਿਆਂ ਮਗਰੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਭਖ਼ ਗਿਆ ਹੈ। ਇਕਬਾਲ ਸਿੰਘ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਤਲਬ ਕੀਤਾ ਗਿਆ ਹੈ ਅਤੇ ਉਹ ਇਸ ਮਾਮਲੇ ਨੂੰ ਉਭਾਰਿਆ ਸਕਦੇ ਹਨ।
ਗਿਆਨੀ ਇਕਬਾਲ ਸਿੰਘ ਪਟਨਾ ਤੋਂ ਇੱਥੇ ਪੁੱਜ ਚੁੱਕੇ ਹਨ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਨੂੰ ਸਤੰਬਰ 2015 ਵਿੱਚ ਬਿਨਾਂ ਮੰਗਿਆਂ ਮੁਆਫ਼ੀ ਦੇਣ ਦੇ ਮਾਮਲੇ ਦਾ ਸੰਗਤ ਸਾਹਮਣੇ ਖ਼ੁਲਾਸਾ ਕੀਤਾ ਜਾਵੇ। ਉਨ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ’ਤੇ ਸੱਦਣ ਦੀ ਮੰਗ ਕੀਤੀ ਹੈ।
ਡੇਰਾ ਮੁਖੀ ਦੀ ਮੁਆਫੀ ਬਾਰੇ ਖੁਲਾਸੇ ਕਰਨ ਮਗਰੋਂ ਗਿਆਨੀ ਇਕਬਾਲ ਸਿੰਘ ਨੇ ਪੰਜਾਬ ਤੇ ਬਿਹਾਰ ਸਰਕਾਰ ਕੋਲੋਂ ਵਧੇਰੇ ਸੁਰੱਖਿਆ ਮੰਗੀ ਗਈ ਹੈ, ਪਰ ਉਨ੍ਹਾਂ ਦੀ ਸੁਰੱਖਿਆ ਛੱਤਰੀ ਵਿਚ ਵਾਧਾ ਨਹੀਂ ਕੀਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਇਸ ਵਰ੍ਹੇ ਦਾ ਕੈਲੰਡਰ ਰਿਲੀਜ਼ ਕਰਨ ਦੇ ਨਾਲ ਨਾਲ ਪੰਥ ਵਿਚੋਂ ਛੇਕੇ ਕੁਝ ਵਿਅਕਤੀਆਂ ਦੀ ਮੁਆਫ਼ੀ ਬਾਰੇ ਵਿਚਾਰ ਹੋ ਸਕਦਾ ਹੈ। ਇਨ੍ਹਾਂ ਵਿਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ, ਰਾਜਸਥਾਨ ਦਾ ਹਾਕਮ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਮਾਸਟਰ ਜੌਹਰ ਸਿੰਘ ਦੇ ਨਾਂਅ ਸ਼ਾਮਲ ਹਨ।