ਸੂਹੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਗੁਰਮਤਿ ਨਗਰੀ ਖੋਜਿ ਖੋਜਾਈ ॥ ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥ ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥ ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥ ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥ ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥ ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥ ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥ ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥ ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥

 



ਪਦਅਰਥ: ਗੁਰਮਤਿ = ਗੁਰੂ ਦੀ ਮਤਿ ਲੈ ਕੇ। ਨਗਰੀ = ਸਰੀਰ (-ਨਗਰੀ) । ਖੋਜਿ = ਖੋਜ ਕਰ ਕੇ। ਖੋਜਾਈ = ਖੋਜ ਕਰਾਈ। ਪਾਈ = ਲੱਭ ਲਿਆ।੧। ਮੇਰੈ ਮਨਿ = ਮੇਰੇ ਮਨ ਵਿਚ। ਤਿਸਨਾ ਅਗਨਿ = ਮਾਇਆ ਦੀ ਤ੍ਰਿਸ਼ਨਾ ਦੀ ਅੱਗ। ਗੁਰਿ ਮਿਲਿਐ = ਗੁਰੂ ਮਿਲਣ ਨਾਲ।੧।ਰਹਾਉ। ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮਾਈ = ਹੇ ਮਾਂ! ਸਤਿਗੁਰਿ = ਸਤਿਗੁਰੂ ਨੇ। ਦਇਆਲਿ = ਦਇਆਲ ਨੇ। ਦ੍ਰਿੜਾਈ = ਪੱਕਾ ਕਰ ਦਿੱਤਾ ਹੈ।੨। ਹਉ = ਮੈਂ। ਢੂਢਾਈ = ਭਾਲ ਕਰਾਂਦਾ ਹਾਂ। ਮਿਲਿ = ਮਿਲ ਕੇ।੩। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਤੁਠਾ = ਪ੍ਰਸੰਨ। ਭਾਈ = ਹੇ ਭਾਈ!।੪।

 



ਅਰਥ: ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰੂ ਦੀ ਮੱਤ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ, ਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ॥੧॥ (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ। (ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ॥੧॥ ਰਹਾਉ॥ ਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ। ਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ॥੨॥ ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ। ਸਾਧ ਸੰਗਤ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ॥੩॥ ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ, ਹੇ ਭਾਈ! ਉਸ ਉਤੇ ਗੁਰੂ ਨਾਨਕ ਜੀ ਪ੍ਰਸੰਨ ਹਨ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦੇ ਹਨ ॥੪॥੧॥੫॥