ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ ਮਰਦਾਨਾ ੧ ॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ ਪਉੜੀ ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥


ਨੋਟ: ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿਚ ਲਫ਼ਜ਼ 'ਨਾਨਕ' ਨਹੀਂ ਸੀ ਵਰਤ ਸਕਦਾ। ਸਲੋਕ ਮ: ੧ ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: ੧ ਦੇ ਹਨ।


ਪਦਅਰਥ :- ਕਲਿ = ਕਲਜੁਗੀ ਸੁਭਾਉ, ਪ੍ਰਭੂ ਨਾਲੋਂ ਵਿਛੋੜੇ ਦੀ ਹਾਲਤ। ਕਲਵਾਲੀ = ਸ਼ਰਾਬ ਕੱਢਣ ਵਾਲੀ ਮੱਟੀ। ਮਦੁ = ਸ਼ਰਾਬ। ਮੋਹਿ = ਮੋਹ ਨਾਲ। ਮਜਲਸ = ਮਹਿਫ਼ਲ। ਲਾਹਣਿ = ਸੱਕ ਗੁੜ ਪਾਣੀ ਆਦਿਕ ਜੋ ਰਲਾ ਕੇ ਮਿੱਟੀ ਵਿਚ ਪਾ ਕੇ ਰੂੜੀ ਵਿਚ ਦੱਬ ਕੇ ਤਰਕਾ ਲੈਂਦੇ ਹਨ। ਸਤੁ = ਸੱਚ। ਸਰਾ = ਸ਼ਰਾਬ। ਸਾਰੁ = ਸ੍ਰੇਸ਼ਟ। ਮੰਡੇ = ਰੋਟੀਆਂ। ਸੀਲ = ਚੰਗਾ ਸੁਭਾਉ। ਸਰਮੁ = ਹਯਾ। ਆਹਾਰੁ = ਖ਼ੁਰਾਕ। ਆਪੁ = ਆਪਾ , ਅਹੰਕਾਰ। ਧਾਤੁ = ਦੌੜ = ਭੱਜ, ਭਟਕਣਾ। ਮਨਸਾ = ਵਾਸਨਾ। ਗੰਧਰਬ = ਦੇਵਤਿਆਂ ਦੇ ਰਾਗੀ। ਖਟ ਦਰਸਨ = ਛੇ ਸ਼ਾਸਤ੍ਰ। ਸੰਕਰ, ਮਹੇਸ = ਸ਼ਿਵ ਜੀ ਦੇ ਨਾਮ। ਅਕਥ = ਜੋ ਬਿਆਨ ਨ ਹੋ ਸਕੇ। ਬਿਬਾਣੀ = ਉਜਾੜ। ਗੋਸਟਿ = ਚਰਚਾ। ਸੁਘੜੁ = ਸੁਚੱਜਾ। ਚੋਜੁ = ਤਮਾਸ਼ਾ। ਜਾਣੀ = ਜਾਣਨ ਵਾਲਾ।


ਅਰਥ :- ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ। ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ। ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ। ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ! ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ! ਹੇ ਨਾਨਕ ਜੀ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ॥੧॥ ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ। ਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ। ਹੇ ਨਾਨਕ ਜੀ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)। ਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤ-ਸਾਲਾਹ ਰੋਟੀਆਂ ਤੇ (ਪ੍ਰਭੂ ਦਾ) ਡਰ ਮਾਸ, ਜੇ ਐਸੀ ਖ਼ੁਰਾਕ ਹੋਵੇ, ਤਾਂ ਹੇ ਨਾਨਕ ਜੀ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ ॥੨॥ (ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ, ਸਤਸੰਗਤ ਨਾਲ ਮੇਲ ਹੋਵੇ, ਕਟੋਰੀ ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਹੋਵੇ, ਤਾਂ (ਇਸ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਹੁੰਦੇ ਹਨ ॥੩॥ ਪ੍ਰਭੂ ਆਪ ਹੀ ਦੇਵਤੇ, ਮਨੁੱਖ, (ਸ਼ਿਵ ਜੀ ਦੇ) ਗਣ, ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ। ਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ)। ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ। ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮੱਤ ਵਾਲਾ ਸੁੰਦਰ ਸਰੂਪ ਵਾਲਾ ਹੈ। ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ॥੧੨॥