ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ ਇਕਮੁੱਠ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਮਾਹੌਲ ਬਹੁਤ ਖ਼ਤਰਨਾਕ ਬਣ ਰਿਹਾ ਹੈ। ਅਸੀਂ ਕੁਦਰਤ ਦੇ ਦੁਸ਼ਮਣ ਬਣੇ ਹੋਏ ਹਾਂ। 


ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਲੱਖਾਂ ਪੰਜਾਬੀਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਭਾਰਤ-ਪਾਕਿ ਵੰਡ ਦੌਰਾਨ ਅਪਣੀਆਂ ਜਾਨਾਂ ਗਵਾਈਆਂ ਤੇ ਸਭ ਕੁਝ ਗਵਾਇਆ। ਅੱਜ ਅਕਾਲ ਤਖਤ ਸਾਹਿਬ ਕੇਵਲ ਸਿੱਖ ਹੀ ਨਹੀਂ, ਵੱਡੀ ਗਿਣਤੀ ਵਿੱਚ ਮੁਸਲਿਮ ਪਰਿਵਾਰ ਵੀ ਪਹੁੰਚੇ ਹਨ।


ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨਾਲ ਲੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਅੱਜ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਜਿੰਨੇ ਵੀ ਇਤਿਹਾਸਿਕ ਅਸਥਾਨ ਨੇ ਉਨ੍ਹਾਂ 'ਤੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਪਰ ਅਫ਼ਸੋਸ ਅੱਜ ਵੀ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਲੱਖਾਂ ਲੋਕਾਂ ਲਈ ਸ਼ੋਕ ਮਤਾ ਤੱਕ ਨਹੀਂ ਪਾਸ ਕੀਤਾ।


ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਉੱਜੜ ਕੇ ਆਏ ਲੋਕਾਂ ਨੂੰ ਵੀਜ਼ੇ ਦਿੱਤੇ ਜਾਣ। ਖਾਸ ਕਰਕੇ ਧਾਰਮਿਕ ਵੀਜ਼ੇ ਜ਼ਰੂਰ ਦਿੱਤੇ ਜਾਣ। ਇਹ ਕੋਈ ਹਿੰਦੂ, ਮੁਸਲਿਮ ਤੇ ਸਿੱਖਾਂ ਦਾ ਨਹੀਂ ਬਲਕਿ ਮਨੁੱਖਤਾ ਦਾ ਕਤਲ ਹੋਇਆ ਹੈ। 


ਜਥੇਦਾਰ ਨੇ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਬੇਦੋਸ਼ ਪੰਜਾਬੀਆਂ ਦੀ ਯਾਦ ਵਿੱਚ ਸ਼ੋਕ ਮਤੇ ਜ਼ਰੂਰ ਪੜ੍ਹੇ ਜਾਣ। ਅਸੀਂ 75ਵੀ ਵਰ੍ਹੇਗੰਢ ਮੌਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ।