Ludhiana News: ਰੋਜੇਦਾਰਾਂ ਨੇ ਅੱਜ ਸ਼ਹਿਰ ਭਰ ਦੀਆਂ ਮਸਜਿਦਾਂ ’ਚ ਰਮਜਾਨ ਦੇ ਦੂਜੇ ਜੁੰਮੇ ਦੀ ਨਮਾਜ ਅਦਾ ਕੀਤੀ ਤੇ ਵਿਸ਼ਵ ਦੀ ਸ਼ਾਂਤੀ ਲਈ ਦੁਆ ਵੀ ਕੀਤੀ। ਫੀਲਡ ਗੰਜ ਚੌਂਕ ਵਿਖੇ ਇਤਿਹਾਸਿਕ ਜਾਮਾ ਮਸਜਿਦ ’ਚ ਇਸ ਮੌਕੇ ’ਤੇ ਹਜਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦਾ ਮੁਬਾਰਕ ਮਹੀਨਾ ਦੁਨਿਆ ਭਰ ਦੇ ਮਨੁੱਖਾਂ ਲਈ ਰਹਿਮਤ ਵਾਲਾ ਹੈ। ਇਸ ਪਵਿੱਤਰ ਮਹੀਨੇ ’ਚ ਰੋਜੇਦਾਰਾਂ ਦੇ ਨਾਲ-ਨਾਲ ਸਾਰੇ ਮਨੁੱਖਾਂ ’ਤੇ ਅਲ੍ਹਾਹ ਤਾਆਲਾ ਦਾ ਵਿਸ਼ੇਸ਼ ਕਰਮ ਹੁੰਦਾ ਹੈ।
ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮੁਬਾਰਕ ਮਹੀਨੇ ’ਚ ਇੱਕ ਨੇਕੀ ਕਰਨ ਦੇ ਬਦਲੇ ’ਚ 70 ਨੇਕੀਆਂ ਦੇ ਬਰਾਬਰ ਸਵਾਬ ਮਿਲਦਾ ਹੈ। ਅਲ੍ਹਾਹ ਤੋਂ ਅਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲਿਆਂ ਦੀ ਤੌਬਾ ਕਬੂਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੋਜੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਚੁਗਲੀ ਵਰਗੇ ਗੁਨਾਹਾਂ ਤੋਂ ਬਚਣ।
ਉਨ੍ਹਾਂ ਨੇ ਕਿਹਾ ਕਿ ਦੂਜਿਆਂ ਦਾ ਦਿਲ ਦੁੱਖਾ ਕੇ ਖੁਦਾ ਦੀ ਨਰਾਜਗੀ ਮੁੱਲ ਨਾ ਲੈਣ, ਬਲਕਿ ਰੋਜਾ ਰੱਖਣ ਤੋਂ ਬਾਅਦ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਰਹਿਣ। ਸ਼ਾਹੀ ਇਮਾਮ ਨੇ ਕਿਹਾ ਕਿ ਅਲ੍ਹਾਹ ਤਾਆਲਾ ਬੜਾ ਰਹੀਮ ਹੈ ਤੇ ਮਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। ਆਕੜ ਕੇ ਚੱਲਣ ਵਾਲੇ, ਘਮੰਡ ਕਰਨ ਵਾਲੇ ਲੋਕ ਖੁਦਾ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ।
ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਸ਼ਰੀਫ ਦੇ ਮੌਕੇ ’ਤੇ ਜੁੰਮੇ ਦੀ ਨਮਾਜ ਅਦਾ ਕਰਨ ਲਈ ਮਸਜਿਦਾਂ ’ਚ ਆਏ ਰੋਜੇਦਾਰਾਂ ਨੇ ਬੜੇ ਹੀ ਸੁਕੂਨ ਨਾਲ ਨਮਾਜ ਅਦਾ ਕੀਤੀ ਅਤੇ ਮਸਜਿਦਾਂ ਦੇ ਬਾਹਰ ਖੁਦਾ ਦੇ ਨਾਮ ’ਤੇ ਮੰਗਣ ਵਾਲਿਆਂ ਨੂੰ ਦਿਲ ਖੋਲ ਕੇ ਦਾਨ ਦਿੱਤਾ।
ਇਹ ਵੀ ਪੜ੍ਹੋ: ਜਾਣੋ ਕਿਹੜੀਆਂ ਰਾਸ਼ੀਆਂ ਲਈ ਅੱਜ ਦਾ ਦਿਨ ਰਹੇਗਾ ਖ਼ਾਸ