ਚੰਡੀਗੜ੍ਹ: ਗਿਆਨੀ ਰਣਜੀਤ ਸਿੰਘ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਗਿਆਨੀ ਰਣਜੀਤ ਸਿੰਘ ਦਾ ਪੰਥਕ ਗਲਿਆਰਿਆਂ 'ਚ ਵੱਡਾ ਨਾਂ ਹੈ। ਉਹ ਗੋਹਰ-ਏ-ਮਸਕੀਨ ਦੇ ਨਾਂ ਨਾਲ ਪ੍ਰਸਿੱਧ ਹਨ। ਦਰਅਸਲ ਗਿਆਨੀ ਇਕਬਾਲ ਸਿੰਘ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਜਥੇਦਾਰੀ ਦੇ ਅਹੁਦੇ ਤੋਂ ਛੁੱਟੀ ਹੋ ਗਈ ਸੀ। ਉਸ ਮਗਰੋਂ ਇਹ ਅਹੁਦਾ ਖਾਲੀ ਪਿਆ ਸੀ। ਅੱਜ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦਾ ਨਵਾਂ ਜਥੇਦਾਰ ਲਾਉਣ ਨੂੰ ਲੈ ਕੇ ਪ੍ਰਬੰਧਕੀ ਬੋਰਡ ਦੀ ਮੀਟਿੰਗ ਪਟਨਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਤੋਂ ਬਾਅਦ ਪ੍ਰਬੰਧਕੀ ਬੋਰਡ ਨੇ ਭਾਈ ਰਣਜੀਤ ਸਿੰਘ ਗੋਹਰ-ਏ-ਮਸਕੀਨ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕਰਨ ਦਾ ਫ਼ੈਸਲਾ ਲਿਆ। ਇਸ ਮੀਟਿੰਗ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਹੈ।