ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਬਾਬਾ ਸੁਖਦੇਵ ਸਿੰਘ ਭੁੱਚੋ ਮੰਡੀ ਵਾਲਿਆਂ ਵੱਲੋਂ ਚੜ੍ਹਾਏ ਗਏ ਸੁਨਹਿਰੀ ਪੱਤਰੇ ਸਬੰਧੀ ਸੋਸ਼ਲ ਮੀਡੀਆ ’ਤੇ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੰਦਭਾਗਾ ਕਰਾਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਬਾਬਾ ਸੁਖਦੇਵ ਸਿੰਘ ਵੱਲੋਂ 10 ਨਵੰਬਰ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੋਨੇ ਦੀ ਝਾਲ ਵਾਲਾ ਤਾਂਬੇ ਦਾ ਪੱਤਰਾ ਭੇਟ ਕੀਤਾ ਗਿਆ ਸੀ, ਜਿਸ ਨੂੰ ਗੁਰਦੁਆਰਾ ਸਾਹਿਬ ਦੇ ਖਜ਼ਾਨੇ ਵਿੱਚ ਸੰਭਾਲਿਆ ਹੋਇਆ ਹੈ।


ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂ ਘਰਾਂ ਅੰਦਰ ਸੰਗਤ ਵੱਲੋਂ ਚੜ੍ਹਾਈ ਜਾਂਦੀ ਕਿਸੇ ਵੀ ਕੀਮਤੀ ਵਸਤੂ ਨੂੰ ਸ਼੍ਰੋਮਣੀ ਕਮੇਟੀ ਨਿਯਮਾਂ ਅਨੁਸਾਰ ਕਵਾਲਟੀ ਚੈੱਕ ਕਰਵਾਉਣ ਮਗਰੋਂ ਰਸੀਦ ਰਾਹੀਂ ਜਮ੍ਹਾਂ ਕੀਤਾ ਜਾਂਦਾ ਹੈ। ਇਸੇ ਮੁਤਾਬਕ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਚੜ੍ਹਾਇਆ ਸੁਨਹਿਰੀ ਪੱਤਰਾ ਵੀ ਗੁਰਦੁਆਰਾ ਸਾਹਿਬ ਦੇ ਖਜ਼ਾਨੇ ਵਿੱਚ ਸੁਰੱਖਿਅਤ ਹੈ। ਇਹ ਗੁਰਦੁਆਰਾ ਸਾਹਿਬ ਵਿੱਚ ਸੋਨਾ ਚਾਂਦੀ ਰਸੀਦ ਨੰਬਰ 25908 ਮਿਤੀ 14 ਨਵੰਬਰ 2019 ਤਹਿਤ ਦਰਜ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਉਂ ਕੁਝ ਲੋਕ ਜਾਣ-ਬੁੱਝ ਕੇ ਸਿੱਖ ਪੰਥ ਦੀ ਨੁਮਾਇੰਦਾ ਧਾਰਮਿਕ ਸੰਸਥਾ ਦੇ ਪ੍ਰਬੰਧ ਤੇ ਅਧਿਕਾਰੀਆਂ ਨੂੰ ਬਦਨਾਮ ਕਰਨ ’ਤੇ ਤੁਲੇ ਹੋਏ ਹਨ। ਸੰਗਤ ਵੱਲੋਂ ਚੜ੍ਹਾਈਆਂ ਜਾਂਦੀਆਂ ਸਾਰੀਆਂ ਕੀਮਤੀ ਵਸਤੂਆਂ ਗੁਰਦੁਆਰਾ ਸਾਹਿਬਾਨ ਦੀ ਅਮਾਨਤ ਹੁੰਦੀਆਂ ਹਨ, ਜਿਨ੍ਹਾਂ ਦੀ ਬਕਾਇਦਾ ਸਾਂਭ ਸੰਭਾਲ ਤੇ ਸੁਰੱਖਿਆ ਕੀਤੀ ਜਾਂਦੀ ਹੈ।


ਉਨ੍ਹਾਂ ਕਿਹਾ ਕਿ ਸ਼ਰਾਰਤੀ ਲੋਕਾਂ ਵੱਲੋਂ ਸੋਸ਼ਲ ਮੀਡੀਆਂ ’ਤੇ ਸੰਸਥਾ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਬਿਨਾਂ ਤਸਦੀਕ ਕੀਤਿਆਂ ਮਾਮਲੇ ਨੂੰ ਤੂਲ ਦਿੱਤੀ ਜਾਂਦੀ ਹੈ, ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਅਤੇ ਮਨਘੜਤ ਬਿਆਨਬਾਜੀ ਨੂੰ ਵੀ ਤਸਦੀਕ ਕੀਤੇ ਬਗੈਰ ਪ੍ਰਵਾਨ ਨਾ ਕਰਨ।