Amritsar News: ਸਰੀਰ ’ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਟੈਟੂ ਬਣਵਾਉਣ ਵਾਲਿਆਂ ਨੂੰ ਵਰਜਦਿਆਂ ਸ਼੍ਰੋਮਣੀ ਕਮੇਟੀ ਨੇ ਅਜਿਹੀ ਬੇਅਦਬੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਜਿਹੇ ਲੋਕਾਂ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਨਾ ਕਰਨ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਜੂਨ 2013 ਵਿੱਚ ਇਸ ਸਬੰਧੀ ਇੱਕ ਹੁਕਮਨਾਮਾ ਜਾਰੀ ਕਰਦਿਆਂ ਸਰੀਰ ’ਤੇ ਸਿੱਖ ਧਾਰਮਿਕ ਚਿੰਨ੍ਹਾਂ ਵਾਲੇ ਟੈਟੂ ਬਣਾਉਣ ਤੋਂ ਵਰਜਿਆ ਗਿਆ ਸੀ। ਹਾਲ ਹੀ ਵਿੱਚ ਸ਼੍ਰੋਮਣੀ ਕਮੇਟੀ ਨੂੰ ਮੁੜ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਸ਼ਿਕਾਇਤ ਬ੍ਰਾਜ਼ੀਲ ਦੀ ਇੱਕ ਲੜਕੀ ਖ਼ਿਲਾਫ਼ ਹੈ, ਜਿਸ ਨੇ ਆਪਣੀ ਲੱਤ ’ਤੇ ਸਿੱਖ ਧਾਰਮਿਕ ਚਿੰਨ੍ਹ ਦਾ ਟੈਟੂ ਬਣਵਾਇਆ ਹੋਇਆ ਹੈ।
ਇਹ ਸ਼ਿਕਾਇਤਾਂ ਮਿਲਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਸਬੰਧੀ ਜਾਰੀ ਕੀਤਾ ਹੁਕਮਨਾਮਾ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਅਜਿਹੇ ਟੈਟੂ ਨਾ ਬਣਵਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੱਲੋਂ ਵੀ ਗੁਰਬਾਣੀ ਦੀ ਇਕ ਤੁਕ ਵਾਲਾ ਟੈਟੂ ਬਣਵਾਉਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸੇ ਤਰ੍ਹਾਂ ਅਦਾਕਾਰਾ ਮੰਦਿਰਾ ਬੇਦੀ ਨੇ ਵੀ ਅਜਿਹਾ ਇੱਕ ਟੈਟੂ ਬਣਵਾਇਆ ਸੀ, ਜਿਸ ਦਾ ਵਿਰੋਧ ਹੋਣ ਮਗਰੋਂ ਉਸ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਸੀ।