ਮਹਿਤਾਬ-ਉਦ-ਦੀਨ
ਲਾਹੌਰ: ਇੱਕ ਸਥਾਨਕ ਮੁਸਲਿਮ ਜੱਥੇਬੰਦੀ ਦੇ ਦਬਾਅ ਹੇਠ ਪ੍ਰਸ਼ਾਸਨ ਵੱਲੋਂ ਲਾਹੌਰ ਦਾ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰਾ ਸਾਹਿਬ ਸੀਲ ਕਰ ਦਿੱਤਾ ਗਿਆ ਹੈ। ਦਰਅਸਲ, ਇਹ ਜਥੇਬੰਦੀ ਹੁਣ ਇਸ ਗੁਰੂਘਰ ਉੱਤੇ ਆਪਣੀ ਮਾਲਕੀ ਦਾ ਦਾਅਵਾ ਪੇਸ਼ ਕਰ ਰਹੀ ਹੈ। ਇਸ ਕਾਰਨ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ (PSGPC) ਦੀ ਤਿੱਖੀ ਆਲੋਚਨਾ ਵੀ ਹੋ ਰਹੀ ਹੈ, ਜਿਸ ਨੇ ਇਹ ਮਾਮਲਾ ਸਹੀ ਤਰੀਕੇ ਨਾਲ ਪ੍ਰਸ਼ਾਸਨ ਤੇ ਅਧਿਕਾਰੀਆਂ ਸਾਹਵੇਂ ਪੇਸ਼ ਹੀ ਨਹੀਂ ਕੀਤਾ। ਇਸੇ ਲਈ ਹੁਣ ਪਾਕਿਸਤਾਨ ਦੇ ਸਿੱਖ ਸ਼ਰਧਾਲੂਆਂ ਨੂੰ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ ਲਾਹੌਰ ਦੇ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਾਨੀਆ ਵਿਖੇ ਮਨਾਉਣਾ ਪਵੇਗਾ।
ਸੂਤਰਾਂ ਮੁਤਾਬਕ PSGPC ਨੇ ਅੱਜ ਸ਼ੁੱਕਰਵਾਰ ਨੂੰ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਾਨੀਆ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਹ ਗੁਰੂਘਰ ਲਾਹੌਰ ’ਚ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੇ ਨਾਲ ਹੀ ਸਥਿਤ ਹੈ। ਇਹ ਦੋਵੇਂ ਗੁਰੂਘਰ ਲਾਹੌਰ ਦੇ ਨੌਲੱਖਾ ਬਾਜ਼ਾਰ ’ਚ ਹੀ ਹਨ।
ਦੱਸ ਦੇਈਏ ਬਰੇਲਵੀ ਮੁਸਲਮਾਨਾਂ ਦੀ ਜਥੇਬੰਦੀ ‘ਦਾਅਵਤ-ਏ-ਇਸਲਾਮੀ’ ਦੇ ਅਹੁਦੇਦਾਰਾਂ ਨੇ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਸਿੱਖਾਂ ਨੂੰ ਹੁਣ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰਾ ਸਾਹਿਬ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਗੁਰੂਘਰ ਵਾਲੀ ਥਾਂ ਉੱਤੇ ਇੱਕ ਮੁਸਲਿਮ ਪੀਰ ਦੀ ਕਬਰ ਮੌਜੂਦ ਹੈ।
ਇਸ ਤੋਂ ਬਾਅਦ ਇਹ ਮਾਮਲਾ ‘ਈਵੈਕੁਈ ਪ੍ਰੌਪਰਟੀ ਟ੍ਰੱਸਟ ਬੋਰਡ’ (ETPB) ਕੋਲ ਪੁੱਜਾ ਸੀ। ‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ETPB ਨੇ ਫ਼ੈਸਲਾ ਸੁਣਾਇਆ ਸੀ ਕਿ ਮੁਸਲਿਮ ਸ਼ਰਧਾਲੂ ਇਸ ਗੁਰੂਘਰ ਅੰਦਰ ਮੌਜੂਦ ਪੀਰ ਦੀ ਕਬਰ ਉੱਤੇ ਵੀਰਵਾਰ ਨੂੰ ਆ ਕੇ ਨਮਾਜ਼ ਪੜ੍ਹ ਸਕਣਗੇ ਜਾਂ ਦੁਆ ਕਰ ਸਕਣਗੇ ਤੇ ਸਿੱਖ ਇਸ ਗੁਰੂਘਰ ਵਿੱਚ ਭਾਈ ਤਾਰੂ ਸਿੰਘ ਦਾ ਸ਼ਹਾਦਤ ਦਿਵਸ ਮਨਾਉਣਗੇ ਪਰ ਮੁਸਲਿਮ ਜੱਥੇਬੰਦੀ ‘ਦਾਅਵਤ-ਏ-ਇਸਲਾਮੀ’ ਇਸ ਗੁਰੂ ਘਰ ਉੱਤੇਆਪਣੀ ਮੁਕੰਮਲ ਮਾਲਕੀ ਚਾਹੁੰਦੀ ਹੈ। ਇਸ ਲਈ ਇਹ ਮਾਮਲਾ ਬੇਹੱਦ ਵਿਵਾਦਗ੍ਰਸਤ ਹੋ ਗਿਆ।
ਇਸ ਤੋਂ ਬਾਅਦ ਲਾਹੌਰ ਪ੍ਰਸ਼ਾਸਨ ਨੇ ਇਸ ਗੁਰਦੁਆਰਾ ਸਾਹਿਬ ਨੂੰ ਸੀਲ ਕਰ ਦਿੱਤਾ ਕਿ ਤਾਂ ਜੋ ਇੰਥੇ ਨਾ ਮੁਸਲਿਮ ਸ਼ਰਧਾਲੂ ਜਾ ਸਕਣ ਤੇ ਨਾ ਹੀ ਸਿੱਖ। ਹੈਰਾਨੀ ਦੀ ਗੱਲ ਇਹ ਹੈ ਕਿ ETPB ਵੱਲੋਂ ਕਾਇਮ ਕੀਤੀ ਗਈ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੇ ਕਦੇ ਵੀ ਇਹ ਮਾਮਲਾ ਪਾਕਿਸਤਾਨ ਸਰਕਾਰ ਜਾਂ ਕੌਮਾਂਤਰੀ ਸਿੱਖ ਸੰਗਠਨਾਂ ਕੋਲ ਨਹੀਂ ਉਠਾਇਆ; ਸਗੋਂ PSGPC ਦੇ ਅਹੁਦੇਦਾਰ ਮੁਸਲਿਮ ਜੱਥੇਬੰਦੀ ਅਤੇ ETPB ਦੇ ਦਬਾਅ ਹੇਠ ਆ ਕੇ ਚੁੱਪ ਰਹੇ।
PSGPC ਦੇ ਪ੍ਰਧਾਨ ਸਤਵੰਤ ਸਿੰਘ ਹੁਰਾਂ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਕਿ ਕੋਈ ਹੋਰ ਮੁਸਲਿਮ ਜਥੇਬੰਦੀ ਗੁਰਦੁਆਰਾ ਸਾਹਿਬ ਉੱਤੇ ਆਪਣਾ ਕਬਜ਼ਾ ਕਰਨਾ ਚਾਹ ਰਹੀ ਹੈ ਪਰ ਉਨ੍ਹਾਂ ਇਹ ਜ਼ਰੂਰ ਕਬੂਲ ਕੀਤਾ ਕਿ ਇਹ ਗੁਰੂਘਰ ਪਿਛਲੇ ਸਾਲ ਹੀ ਸੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਇਸ ਮਾਮਲੇ ’ਚ ਐਂਵੇਂ ਕੂੜ ਪ੍ਰਚਾਰ ਕਰ ਰਹੇ ਹਨ। ETPB ਦੇ ਚੇਅਰਮੈਨ ਡਾ. ਆਮਾਰ ਅਹਿਮਦ ਤੋਂ ਜਦੋਂ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਬਾਰੇ ਸੁਆਲ ਕੀਤਾ ਗਿਆ, ਤਾਂ ਉਨ੍ਹਾਂ ਜਵਾਬ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ