ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘਾ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਢੀਂਡਸਾ ਮੁਤਾਬਕ ਸ਼੍ਰੋਮਣੀ ਕਮੇਟੀ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਸਾਰਾਗੜ੍ਹੀ ਸਰਾਂ ਦੇ ਜੋ 239 ਕਮਰਿਆਂ ਲਈ ਫਰਨੀਚਰ ਖਰੀਦਿਆ ਗਿਆ ਹੈ, ਉਸ ਵਿੱਚ ਘੁਟਾਲਾ ਹੋਇਆ ਹੈ।

ਢੀਂਡਸਾ ਨੇ ਕਿਹਾ ਕਿ ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਫਰਨੀਚਰ ਖਰੀਦਣ ਲਈ ਬਣਾਈ ਗਈ ਟੀਮ ਦੇ ਇੱਕ ਮੈਂਬਰ ਨੇ ਇਸ ਦੇ ਬਿੱਲਾਂ ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਚਾਰਟਡ ਅਕਾਉਂਟੈਂਟ ਨੇ ਇਸ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਖੁਲਾਸਾ ਹੋਇਆ ਹੈ ਕਿ ਇੱਕ ਚੀਨੀ ਕੰਪਨੀ ਤੋਂ 5.56 ਕਰੋੜ ਰੁਪਏ ਵਿੱਚ ਫਰਨੀਚਰ ਖਰੀਦਿਆ ਗਿਆ। ਜਦਕਿ ਇਹੀ ਫਰਨੀਚਰ ਪੰਜਾਬ ਵਿੱਚ 1.80 ਕਰੋੜ ਵਿੱਚ ਮਿਲ ਸਕਦਾ ਸੀ।

ਉਨ੍ਹਾਂ ਕਿਹਾ ਕਿ ਫਰਨੀਚਰ ਵਿੱਚ ਇੱਕ ਕਮਰੇ ਲਈ ਇੱਕ ਬੈੱਡ, ਇੱਕ ਟੇਬਲ ਤੇ ਕੁਰਸੀਆਂ ਸ਼ਾਮਲ ਸੀ। ਇਸ ਹਿਸਾਬ ਨਾਲ ਇੱਕ ਕਮਰੇ ਤੇ ਫਰਨੀਚਰ ਲਈ ₹200000 ਤੋਂ ਵੀ ਵੱਧ ਖਰਚ ਕੀਤੇ ਗਏ ਹਨ।

ਇਸੇ ਤਰ੍ਹਾਂ ਇੱਕ ਹੋਰ ਕੇਸ ਦਾ ਜ਼ਿਕਰ ਕਰਦੇ ਹੋਏ ਢੀਂਡਸਾ ਨੇ ਕਿਹਾ, ਬਰਨਾਲਾ ਦੇ ਬਾਬਾ ਗਾਂਧਾ ਸਿੰਘ ਗੁਰਦੁਆਰੇ ਦੇ ਮੈਨੇਜਰ ਨੇ ਵੀ ਜਆਲੀ ਬਿੱਲ ਬਣਾ ਕੇ ਲੱਖਾਂ ਦਾ ਘਪਲਾ ਕੀਤਾ ਹੈ ਪਰ ਉਸ ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਪ੍ਰਮੋਟ ਕੀਤਾ ਗਿਆ। ਪਰਮਿੰਦਰ ਢੀਂਡਸਾ ਨੇ ਕਿਹਾ ਕਿ SGPC ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਸਿੱਧੇ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜ਼ਿੰਮੇਵਾਰ ਹਨ।