ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਹੋਈ ਇਕੱਤਰਤਾ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦਿਆਂ ਪਵਿੱਤਰ ਗੁਰਬਾਣੀ ਦੀਆਂ ਲਗਾ ਮਾਤਰਾਵਾਂ 'ਚ ਮਨਮਰਜ਼ੀ ਨਾਲ ਤਬਦੀਲੀਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿੱਚ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਉਸ ਨੂੰ ਆਨਲਾਈਨ ਤੇ ਆਫਲਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਦੀ ਛਪਾਈ ਬੰਦ ਕਰਨ ਦਾ ਆਦੇਸ਼ ਦੇਣ ਦੇ ਨਾਲ-ਨਾਲ ਇਸ ਸੰਬੰਧੀ ਸਾਰਾ ਰਿਕਾਰਡ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨ ਦਾ ਵੀ ਆਦੇਸ਼ ਜਾਰੀ ਕੀਤਾ ਗਿਆ।



ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ ’ਤੇ ਚਰਚਾ ਲਈ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਪੰਥਕ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿੱਚ ਅਮਰੀਕਾ ਵਾਸੀ ਸਿੱਖ ਵਿਅਕਤੀ ਥਮਿੰਦਰ ਸਿੰਘ ਅਨੰਦ ਵੱਲੋਂ ਬਿਨਾਂ ਪ੍ਰਵਾਨਗੀ ਸਰੂਪ ਛਾਪਣ ਤੇ ਉਸ ਵਿੱਚ ਲਗਾਂ ਮਾਤਰਾ ਸ਼ਾਮਲ ਕਰਨ ਦਾ ਮਾਮਲਾ ਵਿਚਾਰਿਆ ਗਿਆ।

ਇਸ ਦੌਰਾਨ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਉਸ ਨੂੰ ਆਨਲਾਈਨ ਤੇ ਆਫਲਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਦੀ ਛਪਾਈ ਬੰਦ ਕਰਨ ਦਾ ਆਦੇਸ਼ ਦੇਣ ਦੇ ਨਾਲ-ਨਾਲ ਇਸ ਸੰਬੰਧੀ ਸਾਰਾ ਰਿਕਾਰਡ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨ ਦਾ ਵੀ ਆਦੇਸ਼ ਜਾਰੀ ਕੀਤਾ ਗਿਆ।

ਯਾਦ ਰਹੇ ਇਹ ਮਾਮਲਾ ਪਿਛਲੇ ਦਿਨੀਂ ਉਕਤ ਵਿਅਕਤੀ ਵੱਲੋਂ ਛਾਪਿਆ ਗਿਆ ਸਰੂਪ ਆਪਣੀ ਇੱਕ ਵੈੱਬਸਾਈਟ ਸਿੱਖ ਬੁਕ ਕਲੱਬ ਡਾਟ ਕਾਮ ’ਤੇ ਅਪਲੋਡ ਕਰਨ ਮਗਰੋਂ ਸਾਹਮਣੇ ਆਇਆ ਸੀ। ਮਾਮਲੇ ਦਾ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਕਮੇਟੀ ਵੀ ਬਣਾਈ ਸੀ, ਜਿਸ ਵੱਲੋਂ ਆਪਣੀ ਰਿਪੋਰਟ ਸੌਂਪ ਦਿੱਤੀ ਗਈ ਹੈ। ਇਸ ਮਗਰੋਂ ਸ੍ਰੀ ਅਕਾਲ ਤਖ਼ਤ ਵੱਲੋਂ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਕੋਲੋਂ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਵੀ ਮੰਗਿਆ ਗਿਆ ਸੀ। ਮਿਲੇ ਵੇਰਵਿਆਂ ਮੁਤਾਬਕ ਇਸ ਸਬੰਧੀ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਕੋਲ ਪੁੱਜਾ ਹੈ।