Sri Guru Granth Sahib Parkash Purab: ਭਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਜਿਸ ਨੂੰ ਲੈ ਕੇ ਹਰ ਪਾਸੇ ਰੌਣਕਾਂ ਲੱਗੀਆਂ ਹਨ । ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। 






ਦੇਸ਼ ਵਿਦੇਸ਼ ਤੋਂ ਲਿਆਂਦੇ ਰੰਗ-ਬਿਰੰਗੇ ਫੁੱਲਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਹੈ। 




ਇਸ ਵਾਰ ਦੇਸ਼ ਅਤੇ ਵਿਦੇਸ਼ਾਂ ਤੋਂ ਵੱਖਰੀਆਂ ਕਿਸਮਾਂ ਦੇ 110 ਟਨ ਫੁੱਲ ਲਿਆਂਦੇ ਗਏ ਹਨ ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਸਜਾਵਟ ਕੀਤੀ ਗਈ ਹੈ।




ਕੋਲਕਾਤਾ, ਦਿੱਲੀ, ਮੁੰਬਈ ਤੋਂ ਵਿਸ਼ੇਸ਼ ਤੌਰ 'ਤੇ 300 ਦੇ ਕਰੀਬ ਕਾਰੀਗਰਾਂ ਨੇ ਸਜਾਵਟ ਦੀ ਸੇਵਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ ਕੋਨਾ ਫੁੱਲਾਂ ਨਾਲ ਸਜਾਇਆ ਜਾਵੇਗਾ।



ਦਸ ਦਈਏ ਕਿ ਭਲਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਤੋਂ ਪਹਿਲਾਂ ਹੀ ਵੱਡੀ ਗਿਣਤੀ  'ਚ ਸੰਗਤਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਰਹੀਆਂ ਹਨ।




‘ਗੁਰੂ ਗ੍ਰੰਥ ਸਾਹਿਬ’ ਸਿੱਖ ਧਰਮ ਦਾ ਮੁੱਖ ਗ੍ਰੰਥ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਗੱਦੀ ਸਥੂਲ ਰੂਪ ਵਿਚ ਹੀ ਰਹੀ ਕਿਉਂਕਿ ਇਨ੍ਹਾਂ ਸਾਰੇ ਗੁਰੂਆਂ ਨੇ ਪੰਜ ਭੌਤਿਕ ਸਰੀਰ ਧਾਰਨ ਕਰਕੇ ਮਨੁੱਖਤਾ ਦੀ ਭਲਾਈ ਕੀਤੀ। ਪਰ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰ ਤਿਆਗ ਕਰਨ ਤੋਂ ਪਹਿਲਾਂ ਸਮੁੱਚੀ ਸਿੱਖ ਕੌਮ ਨੂੰ ਹੁਕਮ ਕੀਤਾ ਸੀ ਕਿ ਅੱਜ ਤੋਂ ਤੁਹਾਡੇ ਅਗਲੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।


ਸ੍ਰੀ ਗੁਰੂ ਨਾਨਕ ਦੇਵ ਜੀ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ ਅਤੇ ਇਸ ਨੂੰ ਸਾਂਭਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਦੇਸ਼ ਭਰ 'ਚ ਘੁੰਮ ਕੇ ਜਿਥੇ ਪਾਪੀ ਰੂਹਾਂ ਨੂੰ ਤਾਰਿਆ ਅਤੇ ਹੱਕ ਸੱਚ ਦਾ ਹੋਕਾ ਦਿੱਤਾ, ਉਥੇ ਉਨ੍ਹਾਂ ਦੁਨੀਆ ਭਰ ਦੇ ਮਹਾਨ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਇਕੱਤਰ ਕਰਨ ਦਾ ਵੱਡਾ ਕਾਰਜ ਵੀ ਕੀਤਾ। ਇਹੋ ਬਾਣੀ ਅੱਗੇ ਤੋਂ ਅੱਗੇ ਅਗਲੇ ਗੁਰੂ ਸਾਹਿਬਾਨ ਨੂੰ ਵਿਰਾਸਤ 'ਚ ਮਿਲਦੀ ਗਈ। 


ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ ਸ਼ੁੱਧ ਰੂਪ 'ਚ ਰੱਖਣ ਲਈ ਅਤੇ ਜਨਤਾ ਦੇ ਪਰਉਪਕਾਰ ਲਈ ਫ਼ੈਸਲਾ ਲਿਆ ਸਮੁੱਚੀ ਬਾਣੀ ਨੂੰ ਇਕ ਗ੍ਰੰਥ ਸਾਹਿਬ ਜੀ 'ਚ ਇਕੱਤਰ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ ਸੀ। ਇਹ ਮਹਾਨ ਕਾਰਜ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਦੇ ਕਿਨਾਰੇ ਪੋਥੀ ਸਾਹਿਬ ਲਿਖਣ ਦਾ ਕਾਰਜ ਆਰੰਭਿਆ। ਕਈ ਮਹੀਨਿਆਂ ਦੀ ਮਿਹਨਤ ਸਦਕਾ 1604 ਈਂ 'ਚ ਪੋਥੀ ਸਾਹਿਬ ਦਾ ਸੰਪਾਦਨ ਮੁਕੰਮਲ ਹੋ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਆਪਣੀ ਗੋਦ 'ਚ ਲੈ ਕੇ ਇਹ ਪਵਿੱਤਰ ਬਚਨ ਕੀਤੇ ਸਨ, ''ਦੋਹਿਤਾ ਬਾਣੀ ਕਾ ਬੋਹਿਥਾ'' ਤਾਂ ਜਾਣੀ ਜਾਣ ਸਤਿਗੁਰੂ ਨੂੰ ਇਹ ਗੱਲ ਭਲੀ ਭਾਂਤ ਪਤਾ ਸੀ ਕਿ ਉਨ੍ਹਾਂ ਦਾ ਦੋਹਤਰਾ ਬਾਣੀ ਦੀ ਬਹੁਤ ਰਚਨਾ ਕਰੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਨਾ ਗੁਰੂ ਜੀ ਦੇ ਵਚਨਾਂ ਨੂੰ ਪੂਰਾ ਕਰਦਿਆਂ ਬਹੁਤ ਸਾਰੀ ਬਾਣੀ ਰਚੀ। ਉਨ੍ਹਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵਾਂਗ 30 ਰਾਗਾਂ 'ਚ ਬਾਣੀ ਦੀ ਰਚਨਾ ਕੀਤੀ।


ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਹਰ ਸਾਲ ਭਾਦੋਂ ਮਹੀਨੇ ਦੀ 15 ਤਾਰੀਖ ਨੂੰ ਭਾਵ ਭਾਦਰਪਦ ਅਮਾਵਸਿਆ ਨੂੰ ਮਨਾਇਆ ਜਾਂਦਾ ਹੈ। ਸਮੁੱਚੀ ਬਾਣੀ ਵਿੱਚ ਸੱਚੇ ਸੁੱਚੇ ਕਰਮ ਕਰਦੇ ਹੋਏ ਅਕਾਲ ਪੁਰਖ ਦਾ ਨਾਮ ਸਦਾ ਸਿਮਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਪ੍ਰਭੂ ਦਾ ਭਜਨ ਜੀਵਨ ਦਾ ਆਧਾਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬਾਣੀ ਵਿੱਚ ਅਧਿਆਤਮਕਵਾਦ ਦੇ ਨਾਲ ਨਾਲ ਸੰਸਾਰਿਕ ਕਦਰਾਂ-ਕੀਮਤਾਂ ਅਤੇ ਪੌਰਾਣਿਕ ਹਵਾਲੇ ਵੀ ਦਿੱਤੇ ਗਏ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਦਾ ਪ੍ਰਕਾਸ਼ ਹੈ ਤੇ ਇਕੋ ਇਕ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਤੇ ਉਸਨੂੰ ਯਾਦ ਰੱਖਣ ਦਾ ਆਦੇਸ਼ ਹੈ। ਇਸ ਨਾਮ 'ਤੇ ਕਿਵੇਂ ਚੱਲਣਾ ਹੈ ਤੇ ਨਾਮ ਨੂੰ ਮਨ 'ਚ ਕਿਸ ਤਰ੍ਹਾਂ ਵਸਾਉਣਾ ਹੈ, ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਖੁੱਲ੍ਹ ਕੇ ਦੱਸਿਆ ਗਿਆ ਹੈ। ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।