ਭਾਰਤੀ ਸ਼ਤਰੰਜ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਹੈ। 19 ਸਾਲਾ ਦਿਵਿਆ ਦੇਸ਼ਮੁਖ ਨੇ FIDE ਮਹਿਲਾ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਿਆ ਹੈ। ਉਸਨੇ ਇਹ ਉਪਲਬਧੀ ਦੁਨੀਆ ਦੀਆਂ ਚੋਟੀ ਦੀਆਂ ਮਹਿਲਾ ਸ਼ਤਰੰਜ ਖਿਡਾਰੀਆਂ ਵਿੱਚੋਂ ਇੱਕ ਕੋਨੇਰੂ ਹੰਪੀ ਨੂੰ ਹਰਾ ਕੇ ਹਾਸਲ ਕੀਤੀ। 

ਫਾਈਨਲ ਮੈਚ ਵਿੱਚ ਦੋਵਾਂ ਭਾਰਤੀ ਦਿੱਗਜਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਦੋਵੇਂ ਕਲਾਸੀਕਲ ਗੇਮਾਂ ਡਰਾਅ ਹੋਈਆਂ, ਜਿਸ ਤੋਂ ਬਾਅਦ ਫੈਸਲਾ ਰੈਪਿਡ ਟਾਈਬ੍ਰੇਕਰ ਵਿੱਚ ਲਿਆ ਗਿਆ। ਦਿਵਿਆ ਦੇਸ਼ਮੁਖ ਨੇ ਨਾ ਸਿਰਫ਼ ਖਿਤਾਬ ਜਿੱਤਿਆ ਸਗੋਂ ਹੰਪੀ ਨੂੰ 1.5-0.5 ਨਾਲ ਹਰਾ ਕੇ ਇੱਕ ਨਵਾਂ ਇਤਿਹਾਸ ਵੀ ਰਚਿਆ। ਉਹ ਸ਼ਤਰੰਜ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਇਸ ਸ਼ਾਨਦਾਰ ਜਿੱਤ ਦੇ ਨਾਲ, ਦਿਵਿਆ ਦੇਸ਼ਮੁਖ ਭਾਰਤ ਦੀ 88ਵੀਂ ਗ੍ਰੈਂਡਮਾਸਟਰ ਵੀ ਬਣ ਗਈ ਹੈ। ਗ੍ਰੈਂਡਮਾਸਟਰ ਦਾ ਖਿਤਾਬ ਸ਼ਤਰੰਜ ਦੀ ਦੁਨੀਆ ਵਿੱਚ ਸਭ ਤੋਂ ਵੱਕਾਰੀ ਮੰਨਿਆ ਜਾਂਦਾ ਹੈ ਤੇ ਇਸਨੂੰ ਪ੍ਰਾਪਤ ਕਰਨਾ ਕਿਸੇ ਵੀ ਖਿਡਾਰੀ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਦੋ ਭਾਰਤੀ ਸ਼ਤਰੰਜ ਖਿਡਾਰਨਾਂ ਇਸ ਵੱਕਾਰੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਸਨ। ਦੋਵੇਂ ਖਿਡਾਰਨਾਂ ਹੁਣ 2026 ਵਿੱਚ ਹੋਣ ਵਾਲੇ ਮਹਿਲਾ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੀਆਂ ਹਨ, 8-ਖਿਡਾਰੀਆਂ ਵਾਲਾ ਕੈਂਡੀਡੇਟਸ ਟੂਰਨਾਮੈਂਟ ਅਗਲੇ ਵਿਸ਼ਵ ਮਹਿਲਾ ਚੈਂਪੀਅਨਸ਼ਿਪ ਮੈਚ ਵਿੱਚ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਨਜੁਨ ਦੇ ਵਿਰੋਧੀ ਦਾ ਫੈਸਲਾ ਕਰੇਗਾ।

ਦਿਵਿਆ ਨਾ ਸਿਰਫ਼ ਵਿਸ਼ਵ ਚੈਂਪੀਅਨ ਬਣੀ, ਸਗੋਂ ਉਹ ਭਾਰਤ ਦੀ ਚੌਥੀ ਮਹਿਲਾ ਗ੍ਰੈਂਡਮਾਸਟਰ ਵੀ ਬਣੀ। ਗ੍ਰੈਂਡਮਾਸਟਰ (GM) ਬਣਨ ਲਈ, ਆਮ ਤੌਰ 'ਤੇ ਤਿੰਨ ਗ੍ਰੈਂਡਮਾਸਟਰ ਮਾਪਦੰਡ ਅਤੇ 2500+ FIDE ਰੇਟਿੰਗ ਦੀ ਲੋੜ ਹੁੰਦੀ ਹੈ ਪਰ ਕੁਝ ਵਿਸ਼ੇਸ਼ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਣ 'ਤੇ, ਖਿਡਾਰੀ ਨੂੰ ਸਿੱਧੇ ਤੌਰ 'ਤੇ ਗ੍ਰੈਂਡਮਾਸਟਰ ਦਾ ਖਿਤਾਬ ਦਿੱਤਾ ਜਾਂਦਾ ਹੈ ਤੇ FIDE ਮਹਿਲਾ ਵਿਸ਼ਵ ਕੱਪ ਉਨ੍ਹਾਂ ਵਿੱਚੋਂ ਇੱਕ ਹੈ।

ਦਿਵਿਆ ਤੋਂ ਪਹਿਲਾਂ, ਭਾਰਤ ਦੀਆਂ ਤਿੰਨ ਮਹਿਲਾ ਸ਼ਤਰੰਜ ਖਿਡਾਰਨਾਂ ਜਿਨ੍ਹਾਂ ਨੂੰ ਗ੍ਰੈਂਡਮਾਸਟਰ ਦਾ ਦਰਜਾ ਮਿਲਿਆ ਹੈ, ਉਨ੍ਹਾਂ ਵਿੱਚ ਕੋਨੇਰੂ ਹੰਪੀ, ਹਰਿਕਾ ਦ੍ਰੋਣਾਵੱਲੀ ਤੇ ਆਰ. ਵੈਸ਼ਾਲੀ ਸ਼ਾਮਲ ਹਨ। 

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।