ਕਾਨਪੁਰ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਦਾ ਦੂਜੇ ਦਿਨ ਦਾ ਖੇਡ ਮੀਂਹ ਦੀ ਭੇਂਟ ਚੜ੍ਹ ਗਿਆ। ਬਾਰਿਸ਼ ਕਾਰਨ ਮੈਚ ਦੇ ਦੂਜੇ ਦਿਨ ਲਗਭਗ 36 ਓਵਰਾਂ ਦੀ ਖੇਡ ਖਰਾਬ ਹੋ ਗਈ। ਲੰਚ ਬਰੇਕ ਤੋਂ ਕੁਝ ਸਮੇਂ ਬਾਅਦ ਮੀਂਹ ਪੈਣ ਲੱਗਾ ਅਤੇ ਮੈਚ ਰੋਕਣਾ ਪਿਆ। ਇਸਤੋਂ ਬਾਅਦ ਦੁਪਹਿਰ 3.50 'ਤੇ ਅੰਪਾਇਰਸ ਨੇ ਫੈਸਲਾ ਲਿਆ ਕਿ ਅੱਜ ਦੇ ਦਿਨ ਹੋਰ ਖੇਡ ਨਹੀਂ ਖੇਡਿਆ ਜਾਵੇਗਾ। ਮੈਚ ਰੁਕਣ ਤਕ ਨਿਊਜ਼ੀਲੈਂਡ ਦੀ ਟੀਮ ਨੇ 1 ਵਿਕਟ ਗਵਾ ਕੇ 152 ਰਨ ਬਣਾ ਲਏ ਸਨ।
ਭਾਰਤ - 318 ਆਲ ਆਊਟ
ਟੀਮ ਇੰਡੀਆ ਨੇ ਪਹਿਲਾ ਦਿਨ 9 ਵਿਕਟਾਂ 'ਤੇ 291 ਰਨ ਬਣਾ ਕੇ ਖਤਮ ਕੀਤਾ ਸੀ। ਦੂਜੇ ਦਿਨ ਜਡੇਜਾ ਨੇ ਕੁਝ ਵੱਡੇ ਸ਼ਾਟ ਖੇਡੇ ਅਤੇ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 42 ਰਨ ਦੀ ਨਾਬਾਦ ਪਾਰੀ ਖੇਡ ਟੀਮ ਇੰਡੀਆ ਨੂੰ 318 ਰਨ ਤਕ ਪਹੁੰਚਾਇਆ। ਜਡੇਜਾ ਨੇ ਉਮੇਸ਼ ਯਾਦਵ ਨਾਲ ਮਿਲਕੇ ਆਖਰੀ ਵਿਕਟ ਲਈ 41 ਰਨ ਜੋੜੇ ਅਤੇ ਭਾਰਤ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ।
ਲੈਥਮ-ਵਿਲੀਅਮਸਨ ਹਿਟ
ਮੈਚ ਦੇ ਦੂਜੇ ਦਿਨ ਕੀਵੀ ਟੀਮ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਦਮਦਾਰ ਅੰਦਾਜ਼ 'ਚ ਕੀਤੀ। ਲੈਥਮ ਅਤੇ ਗਪਟਿਲ ਨੇ ਮਿਲਕੇ ਪਹਿਲੇ ਵਿਕਟ ਲਈ 35 ਰਨ ਜੋੜੇ। ਇਸਤੋਂ ਬਾਅਦ ਗਪਟਿਲ ਉਮੇਸ਼ ਯਾਦਵ ਦੀ ਗੇਂਦ 'ਤੇ ਆਊਟ ਹੋ ਗਏ। ਗਪਟਿਲ ਨੇ 21 ਰਨ ਦਾ ਯੋਗਦਾਨ ਪਾਇਆ। ਇਸਤੋਂ ਬਾਅਦ ਮੈਦਾਨ 'ਤੇ ਪਹੁੰਚੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਲੈਥਮ ਨਾਲ ਮਿਲਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਦੋਨੇ ਬੱਲੇਬਾਜ਼ਾਂ ਨੇ ਸੰਭਲ ਕੇ ਖੇਡਦੇ ਹੋਏ ਭਾਰਤੀ ਗੇਂਦਬਾਜ਼ਾਂ ਨੂੰ ਵਿਕਟ ਲਈ ਖੂਬ ਤਰਸਾਇਆ। ਦਿਨ ਦਾ ਖੇਡ ਖਤਮ ਹੋਣ ਤਕ ਲੈਥਮ 56 ਰਨ ਬਣਾ ਕੇ ਅਤੇ ਵਿਲੀਅਮਸਨ 65 ਰਨ ਬਣਾ ਕੇ ਮੈਦਾਨ 'ਤੇ ਡਟੇ ਹੋਏ ਸਨ। ਨਿਊਜ਼ੀਲੈਂਡ ਦੀ ਟੀਮ ਅਜੇ ਭਾਰਤੀ ਟੀਮ ਤੋਂ 166 ਰਨ ਪਿਛੇ ਹੈ ਜਦਕਿ ਟੀਮ ਦੇ 9 ਵਿਕਟ ਅਜੇ ਬਾਕੀ ਬਚੇ ਹਨ।