ਪੈਰਿਸ ਓਲੰਪਿਕ 'ਚ ਭਾਰਤੀ ਪਹਿਲਵਾਨਾਂ ਲਈ ਇਸ ਸਮੇਂ ਭਾਰ ਸੰਭਾਲਣਾ ਸਭ ਤੋਂ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਵਿਨੇਸ਼ ਫੋਗਾਟ ਤੋਂ ਬਾਅਦ ਹੁਣ ਦੂਜਾ ਮਾਮਲਾ ਅਮਨ ਸਹਿਰਾਵਤ ਦਾ ਆਇਆ ਹੈ। ਅਮਨ ਨੇ ਸ਼ੁੱਕਰਵਾਰ ਨੂੰ 57 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਪਰ ਇਹ ਤਗਮਾ ਜਿੱਤਣ ਤੋਂ ਪਹਿਲਾਂ ਉਸ ਨੂੰ ਰਾਤੋ-ਰਾਤ ਆਪਣਾ ਭਾਰ ਘਟਾਉਣਾ ਪਿਆ।


ਦੱਸਿਆ ਜਾ ਰਿਹਾ ਹੈ ਕਿ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਅਮਨ ਸਹਿਰਾਵਤ ਦਾ ਭਾਰ 4.6 ਕਿਲੋ ਵਧ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਕੋਚ ਨਾਲ ਮਿਲ ਕੇ ਸਿਰਫ 10 ਘੰਟਿਆਂ 'ਚ ਹੀ ਘਟਾ ਦਿੱਤਾ। ਕਾਂਸੀ ਤਮਗੇ ਦੇ ਮੈਚ ਤੋਂ ਪਹਿਲਾਂ ਅਮਨ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਤੇ ਉਹ ਆਪਣਾ ਭਾਰ ਘਟਾਉਣ ਵਿੱਚ ਰੁੱਝਿਆ ਰਿਹਾ।


ਅਮਨ ਸਹਿਰਾਵਤ ਨੇ ਸ਼ੁੱਕਰਵਾਰ, 9 ਅਗਸਤ ਨੂੰ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਨਾਲ ਅਮਨ ਵਿਅਕਤੀਗਤ ਈਵੈਂਟ ਵਿੱਚ ਭਾਰਤ ਲਈ ਓਲੰਪਿਕ ਤਮਗਾ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਅਥਲੀਟ ਬਣ ਗਿਆ ਹੈ।



ਅਮਨ ਦਾ ਭਾਰ 61.5 ਕਿਲੋਗ੍ਰਾਮ ਤੱਕ ਪਹੁੰਚ ਗਿਆ ਸੀ


ਪੀਟੀਆਈ ਦੀ ਖਬਰ ਮੁਤਾਬਕ ਵੀਰਵਾਰ ਨੂੰ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਅਮਨ ਸਹਿਰਾਵਤ ਦਾ ਭਾਰ 61.5 ਕਿਲੋਗ੍ਰਾਮ ਤੱਕ ਪਹੁੰਚ ਗਿਆ ਸੀ, ਜੋ ਪੁਰਸ਼ਾਂ ਦੇ 57 ਕਿਲੋਗ੍ਰਾਮ ਭਾਰ ਵਰਗ 'ਚ ਮਨਜ਼ੂਰ ਸੀਮਾ ਤੋਂ ਠੀਕ 4.5 ਕਿਲੋਗ੍ਰਾਮ ਜ਼ਿਆਦਾ ਸੀ। ਹੁਣ ਭਾਰਤ ਦੇ ਦੋ ਸੀਨੀਅਰ ਕੋਚਾਂ ਜਗਮੰਦਰ ਸਿੰਘ ਅਤੇ ਵਰਿੰਦਰ ਦਹੀਆ ਅੱਗੇ ‘ਮਿਸ਼ਨ’ ਕਾਂਸੀ ਤਮਗੇ ਦੇ ਮੈਚ ਤੋਂ ਪਹਿਲਾਂ ਅਮਨ ਦਾ ਭਾਰ ਘਟਾਉਣਾ ਸੀ।


ਵਿਨੇਸ਼ ਫੋਗਾਟ ਨਾਲ ਜੋ ਹੋਇਆ, ਉਸ ਤੋਂ ਬਾਅਦ ਉਹ ਇਕ ਹੋਰ ਝਟਕਾ ਬਰਦਾਸ਼ਤ ਨਹੀਂ ਕਰ ਸਕਦੇ ਸਨ। ਵਿਨੇਸ਼ ਨੂੰ ਸਿਰਫ 100 ਗ੍ਰਾਮ ਤੋਂ ਜ਼ਿਆਦਾ ਭਾਰ ਹੋਣ ਕਾਰਨ ਮਹਿਲਾ 50 ਕਿਲੋਗ੍ਰਾਮ ਦੇ ਫਾਈਨਲ 'ਚੋਂ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਹੁਣ ਉਹ ਇਸ ਖਿਲਾਫ ਕਾਨੂੰਨੀ ਲੜਾਈ ਲੜ ਰਹੀ ਹੈ।



ਬਰਬਾਦ ਕਰਨ ਲਈ ਕੋਈ ਸਮਾਂ ਨਹੀਂ ਸੀ


ਸ਼ਾਮ 6:30 ਵਜੇ ਅਮਨ ਨੂੰ ਜਾਪਾਨ ਦੇ ਰੇਈ ਹਿਗੁਚੀ ਤੋਂ ਸੈਮੀਫਾਈਨਲ ਵਿੱਚ ਹਾਰਨ ਵਿੱਚ ਬਹੁਤ ਸਮਾਂ ਨਹੀਂ ਹੋਇਆ ਸੀ। ਭਾਰ ਘਟਾਉਣ ਦਾ ਇਹ 'ਮਿਸ਼ਨ' ਡੇਢ ਘੰਟੇ ਦੇ ਮੈਟ ਸੈਸ਼ਨ ਨਾਲ ਸ਼ੁਰੂ ਹੋਇਆ ਜਿਸ ਦੌਰਾਨ ਦੋ ਸੀਨੀਅਰ ਕੋਚਾਂ ਨੇ ਉਸ ਨੂੰ ਖੜ੍ਹੇ ਹੋ ਕੇ ਕੁਸ਼ਤੀ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਇਕ ਘੰਟੇ ਲਈ ਗਰਮ ਪਾਣੀ ਨਾਲ ਇਸ਼ਨਾਨ ਕਰਵਾਇਆ ਗਿਆ।