ਮੈਨਚੈਸਟਰ: ਵਿਸ਼ਵ ਕੱਪ 2019 'ਚ ਭਾਰਤੀ ਟੀਮ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਕਾਬਜ਼ ਸੀ। ਲੀਗ ਮੈਚਾਂ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਬੇਸ਼ੱਕ ਚੰਗਾ ਸੀ ਪਰ ਮੱਧ ਕਰਮ ਲਗਾਤਾਰ ਲੜਖੜਾਉਂਦਾ ਰਿਹਾ ਤੇ ਜੋ ਅੱਜ ਤਕ ਟਿਕ ਨਹੀਂ ਸਕਿਆ। ਇਸ ਤੋਂ ਇਲਾਵਾ ਅੱਜ ਸੈਮੀਫਾਇਨਲ ਮੁਕਾਬਲੇ 'ਚ ਭਾਰਤੀ ਟੀਮ ਦੀ ਸਲਾਮੀ ਜੋੜੀ ਵੀ ਕੋਈ ਕਰਿਸ਼ਮਾ ਨਾ ਕਰ ਸਕੀ, ਜੋ ਭਾਰਤ ਨੂੰ ਵਿਸ਼ਵ ਕੱਪ ਵਿੱਚੋਂ ਬਾਹਰ ਕਰਨ ਲਈ ਵੱਡੀ ਜ਼ਿੰਮੇਵਾਰ ਸਾਬਤ ਹੋਈ ਹੈ। ਨਿਊਜ਼ੀਲੈਂਡ ਨਾਲ ਦੋ ਦਿਨ ਤਕ ਚੱਲੇ ਸੈਮੀਫਾਇਨਲ ਦੇ ਗਹਿਗੱਚ ਮੁਕਾਬਲੇ 'ਚ ਭਾਰਤੀ ਟੀਮ ਹੌਲੀ-ਹੌਲੀ ਹਾਰ ਵੱਲ ਵਧੀ।


ਭਾਰਤੀ ਟੀਮ ਦੀ ਕਦਮ ਦਰ ਕਦਮ ਹਾਰ:

  • ਭਾਰਤੀ ਟੀਮ ਨੂੰ ਚਾਰ ਦੌੜਾਂ 'ਤੇ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਾ ਤੇ ਇਸ ਤੋਂ ਬਾਅਦ ਪੰਜ ਦੌੜਾਂ 'ਤੇ ਟੀਮ ਦੇ ਤਿੰਨ ਵਿਕੇਟ ਡਿੱਗਦਿਆਂ ਹੀ ਖਿਡਾਰੀਆਂ 'ਤੇ ਦਬਾਅ ਵਧ ਗਿਆ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੇ.ਐਲ. ਰਾਹੁਲ ਪੈਵੇਲੀਅਨ ਪਰਤ ਗਏ।

  • ਇਸ ਤੋਂ ਬਾਅਦ ਟੀਮ ਵੱਲੋਂ ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਨੇ ਸਕੋਰ ਜੋੜਨੇ ਸ਼ੁਰੂ ਕੀਤੇ ਪਰ 71 ਦੌੜਾਂ 'ਤੇ ਭਾਰਤ ਨੂੰ ਪੰਜਵਾਂ ਝਟਕਾ ਰਿਸ਼ਭ ਪੰਤ ਦੇ ਰੂਪ 'ਚ ਲੱਗਾ।

  • 92 ਦੌੜਾਂ 'ਤੇ ਜਦੋਂ ਹਾਰਦਿਕ ਪਾਂਡਿਆ ਆਊਟ ਹੋਏ ਤਾਂ ਰਵਿੰਦਰ ਜਡੇਜਾ ਤੇ ਮਹੇਂਦਰ ਸਿੰਘ ਧੋਨੀ ਨੇ ਮੈਚ ਵਿੱਚ ਟੀਮ ਦੀ ਵਾਪਸੀ ਕਰਵਾਈ, ਪਰ ਉਨ੍ਹਾਂ ਅੱਗੇ ਵੀ ਪਿਛੇ ਟੋਆ ਤੇ ਅੱਗੇ ਖਾਈ ਵਾਲੀ ਸਥਿਤੀ ਸੀ। ਜੇਕਰ ਤੇਜ਼ ਸ਼ਾਟ ਮਾਰਦੇ ਸਨ ਤਾਂ ਕੈਚ ਆਊਟ ਹੋਣ ਦਾ ਡਰ ਤੇ ਹੌਲੀ 'ਤੇ ਰਨ ਰੇਟ ਘਟ ਰਿਹਾ ਸੀ। ਇਸ ਦਾ ਸ਼ਿਕਾਰ ਬਣੇ ਰਵਿੰਦਰ ਜਡੇਜਾ ਜਦੋਂ ਉਹ 48ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਵੱਡਾ ਸ਼ਾਟ ਮਾਰਨ ਦੇ ਚੱਕਰ 'ਚ ਆਪਣਾ ਵਿਕੇਟ ਗੁਆ ਬੈਠੇ।

  • ਇਸ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਦੁਨੀਆਂ ਦੇ ਬਿਹਤਰੀਨ ਫ਼ਿਨੀਸ਼ਰ ਮਹੇਂਦਰ ਧੋਨੀ 'ਤੇ ਟਿਕ ਗਈਆਂ, ਪਰ ਭਾਰਤੀ ਟੀਮ ਦੀ ਢਿੱਲੀ ਕਿਸਮਤ ਸੀ ਤੇ ਧੋਨੀ ਰਨ ਆਊਟ ਹੋ ਗਏ ਤੇ ਉਮੀਦਾਂ 'ਤੇ ਪਾਣੀ ਫਿਰ ਗਿਆ।

  • ਇਸ ਤੋਂ ਬਾਅਦ ਭਾਰਤ ਲਈ ਅੱਗੇ ਦੀ ਰਾਹ ਬੇਹੱਦ ਮੁਸ਼ਕਿਲ ਹੋ ਗਿਆ ਤੇ ਤਿੰਨ ਗੇਂਦਾਂ ਰਹਿੰਦਿਆਂ ਭਾਰਤੀ ਟੀਮ 221 ਦੌੜਾਂ 'ਤੇ ਆਲ ਆਊਟ ਹੋ ਗਈ।
    ਭਾਰਤੀ ਟੀਮ ਦਾ ਚੌਥੀ ਵਾਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਫਾਇਨਲ 'ਚ ਪਹੁੰਚਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ।