ਚੰਡੀਗੜ੍ਹ: ਵੈਸਟਇੰਡੀਜ਼ ਖਿਲਾਫ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ਼ਾਨਦਾਰ ਫਾਰਮ ਵਿੱਚ ਹੈ। ਦੂਜੇ ਟੈਸਟ ਵਿੱਚ ਹੈਟ੍ਰਿਕ ਲੈਣ ਤੋਂ ਇਲਾਵਾ ਬੁਮਰਾਹ ਇਸ ਦੌਰੇ ‘ਤੇ ਦੋ ਵਾਰ ਪਾਰੀ ਵਿੱਚ 5 ਵਿਕਟਾਂ ਲੈ ਚੁੱਕਿਆ ਹੈ। ਬੁਮਰਾਹ ਨੇ ਕਿਹਾ ਹੈ ਕਿ ਇੰਗਲੈਂਡ ਵਿੱਚ ਕੀਤੀ ਗੇਂਦਬਾਜ਼ੀ ਦੀ ਮਦਦ ਨਾਲ ਉਸ ਨੂੰ ਇੱਥੇ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲੀ ਹੈ।
ਦੂਜੇ ਟੈਸਟ ਵਿੱਚ ਵੈਸਟਇੰਡੀਜ਼ ਦੀ ਪਾਰੀ ਦੌਰਾਨ ਬੁਮਰਾਹ ਨੇ 12 ਓਵਰਾਂ ਵਿੱਚ ਹੈਟ੍ਰਿਕ ਸਮੇਤ 27 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਬੁਮਰਾਹ ਦਾ ਕਹਿਣਾ ਹੈ ਕਿ ਉਸ ਨੇ ਇੰਗਲੈਂਡ ਵਿੱਚ ਗੇਂਦਬਾਜ਼ੀ 'ਤੇ ਬਹੁਤ ਕੰਮ ਕੀਤਾ ਤੇ ਉੱਥੋਂ ਦੇ ਹਾਲਾਤਾਂ ਨੇ ਗੇਂਦਬਾਜ਼ੀ ਵਿੱਚ ਸੁਧਾਰ ਕਰਨ 'ਚ ਬਹੁਤ ਮਦਦ ਕੀਤੀ।
ਦੱਸ ਦੇਈਏ ਟੀਮ ਇੰਡੀਆ ਦੂਜਾ ਟੈਸਟ ਜਿੱਤਣ ਦੇ ਕਾਫੀ ਕਰੀਬ ਹੈ। ਭਾਰਤ ਨੇ ਵੈਸਟਇੰਡੀਜ਼ ਦੇ ਸਾਹਮਣੇ 468 ਦੌੜਾਂ ਦੀ ਚੁਣੌਤੀ ਰੱਖੀ ਹੈ। ਇਸ ਦੇ ਜਵਾਬ ਵਿੱਚ ਵੈਸਟਇੰਡੀਜ਼ ਨੇ ਚੌਥੀ ਪਾਰੀ ਵਿੱਚ 45 ਦੇ ਸਕੋਰ 'ਤੇ 2 ਵਿਕਟਾਂ ਗੁਆ ਦਿੱਤੀਆਂ ਹਨ। ਟੈਸਟ ਮੈਚ ਖੇਡਣ ਲਈ ਅਜੇ ਦੋ ਦਿਨ ਬਾਕੀ ਹਨ। ਬੁਮਰਾਹ ਨੇ ਕਿਹਾ ਕਿ ਪਿੱਚ ਵਿੱਚ ਬਾਊਂਸ ਹੈ ਤੇ ਇਸ ਦਾ ਕਾਫੀ ਫਾਇਦਾ ਮਿਲਿਆ ਹੈ।