India vs Pakistan Asia Cup 2022 Dubai: ਭਾਰਤ ਅਤੇ ਪਾਕਿਸਤਾਨ ਵਿਚਾਲੇ 28 ਅਗਸਤ ਨੂੰ ਹੋਣ ਵਾਲੇ ਏਸ਼ੀਆ ਕੱਪ 2022 ਦੇ ਮੈਚ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਇਸ ਮੈਚ ਦੀਆਂ ਟਿਕਟਾਂ ਵੀ ਵਿਕ ਚੁੱਕੀਆਂ ਹਨ। ਪਾਕਿਸਤਾਨੀ ਟੀਮ ਇਸ ਟੂਰਨਾਮੈਂਟ ਲਈ ਮੰਗਲਵਾਰ ਨੂੰ ਦੁਬਈ ਪਹੁੰਚੀ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਟੀਮ ਜਲਦ ਹੀ ਟ੍ਰੇਨਿੰਗ ਸ਼ੁਰੂ ਕਰੇਗੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸੋਸ਼ਲ ਮੀਡੀਆ 'ਤੇ ਖਿਡਾਰੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।






ਏਸ਼ੀਆ ਕੱਪ 2022 ਲਈ ਪਾਕਿਸਤਾਨ ਦੀ ਟੀਮ ਦੁਬਈ ਪਹੁੰਚ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਇਹ ਜਾਣਕਾਰੀ ਦਿੱਤੀ। ਬੋਰਡ ਨੇ ਤਸਵੀਰਾਂ ਅਤੇ ਵੀਡੀਓ ਟਵੀਟ ਕੀਤੇ ਹਨ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਨੇ ਇਸ ਟੂਰਨਾਮੈਂਟ ਲਈ ਬਹੁਤ ਹੀ ਸੰਤੁਲਿਤ ਟੀਮ ਦੀ ਚੋਣ ਕੀਤੀ ਹੈ। ਇਸ ਵਿੱਚ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।






ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿਸਤਾਨ ਨੇ ਟੀਮ 'ਚ ਫਖਰ ਜ਼ਮਾਨ, ਹੈਦਰੀ, ਆਸਿਫ ਅਲੀ ਅਤੇ ਖੁਸ਼ਦਿਲ ਸ਼ਾਹ ਨੂੰ ਬੱਲੇਬਾਜ਼ਾਂ ਦੇ ਰੂਪ 'ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼ ਅਤੇ ਮੁਹੰਮਦ ਵਸੀਮ ਜੂਨੀਅਰ ਨੂੰ ਆਲਰਾਊਂਡਰ ਦੇ ਤੌਰ 'ਤੇ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਵੀ ਟੀਮ ਦਾ ਹਿੱਸਾ ਹਨ। ਪਾਕਿਸਤਾਨ ਦੀ ਗੇਂਦਬਾਜ਼ੀ ਲਾਈਨਅੱਪ ਵੀ ਕਾਫੀ ਮਜ਼ਬੂਤ ​​ਹੈ। ਇਸ ਵਿੱਚ ਹੈਰਿਸ ਰੌਫ, ਨਸੀਮ ਸ਼ਾਹ, ਮੁਹੰਮਦ ਹਸਨੈਨ ਅਤੇ ਉਸਮਾਨ ਸ਼ਾਮਲ ਹਨ।


ਕਾਬਿਲੇਗ਼ੌਰ ਹੈ ਕਿ ਭਾਰਤ ਪਾਕਿਸਤਾਨ ਮੈਚ ਦਾ ਸਿਰਫ਼ ਭਾਰਤ ਪਾਕਿ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਪਾਕਿਸਤਾਨ ਨੂੰ ਏਸ਼ੀਆ ਕੱਪ `ਚ 8 ਵਾਰ ਹਰਾ ਚੁੱਕੀ ਹੈ। ਜਦਕਿ 6 ਵਾਰ ਪਾਕਿ ਨੇ ਜਿੱਤ ਦਰਜ ਕੀਤੀ ਹੈ। ਏਸ਼ੀਆ ਕੱਪ 2022 `ਚ ਕਿਸ ਦਾ ਪੱਲਾ ਭਾਰੀ ਹੋਵੇਗਾ। ਇਹ ਤਾਂ 28 ਅਗਸਤ ਨੂੰ ਪਤਾ ਲੱਗੇਗਾ।